ਸੱਜਣ ਕੁਮਾਰ ਨੂੰ ਬਰੀ ਕਰਨਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ : ਜਗਜੀਤ ਛੜਬੜ
ਸੱਜਣ ਕੁਮਾਰ ਨੂੰ ਬਰੀ ਕਰਨਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ : ਜਗਜੀਤ ਛੜਬੜ
Publish Date: Sat, 24 Jan 2026 06:36 PM (IST)
Updated Date: Sat, 24 Jan 2026 06:37 PM (IST)
ਕੈਪਸ਼ਨ : ਬਸਪਾ ਆਗੂ ਜਗਜੀਤ ਸਿੰਘ ਛੜਬੜ।
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਨਵੰਬਰ 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀਆਂ 'ਚ ਗਿਣੇ ਜਾਂਦੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਅੱਜ ਕਤਲੇਆਮ ਸਬੰਧੀ ਅਦਾਲਤ ਵਲੋਂ ਬਰੀ ਕਰ ਦਿੱਤੇ ਜਾਣ 'ਤੇ ਪ੍ਰਤੀਕਰਮ ਦਿੰਦਿਆਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਇਹ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ ਤੇ ਇਉਂ ਲੱਗਦੈ ਜਿਵੇਂ ਹਿੰਦੁਸਤਾਨ 'ਚ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਹੋਣ। ਜਗਜੀਤ ਛੜਬੜ ਨੇ ਕਿਹਾ ਕਿ ਇਕ ਪਾਸੇ ਤਾਂ 84 ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਅਦਾਲਤਾਂ ਵੱਲੋਂ ਬਰੀ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ 35-35 ਸਾਲ ਤੋਂ ਜੇਲ੍ਹਾਂ 'ਚ ਬੰਦ ਸਿੱਖ ਬੰਦੀਆਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ, ਜਦਕਿ ਕਈਆਂ ਨੂੰ ਐੱਨਐੱਸਏ ਲਗਾ ਕੇ ਜੇਲ੍ਹਾਂ 'ਚ ਡੱਕਿਆ ਹੋਇਆ ਹੈ। ਜਗਜੀਤ ਛੜਬੜ ਨੇ ਦੱਸਿਆ ਕਿ ਪਿਛਲੇ 41 ਸਾਲ ਤੋਂ ਸਿੱਖ ਕਤਲੇਆਮ ਦੇ ਪੀੜਤ ਇਨਸਾਫ ਲਈ ਆਸ ਲਗਾਈ ਬੈਠੇ ਸਨ, ਪਰ ਇਸ ਫੈਸਲੇ ਨਾਲ ਪਰਿਵਾਰਾਂ ਨਾਲ ਘੋਰ ਬੇਇਨਸਾਫੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨਾਲ ਪੀੜਤ ਪਰਿਵਾਰਾਂ ਨੂੰ ਮਾਨਸਿਕ ਤੌਰ 'ਤੇ ਵੀ ਡੂੰਘੀ ਸੱਟ ਵੱਜੀ ਹੈ।