ਭਵਨ ਖਾਲੀ ਕਰਵਾਉਣ ਲਈ ਸੈਣੀ ਬਰਾਦਰੀ ਨੇ ਦਿੱਤਾ ਮੰਗ ਪੱਤਰ
ਭਵਨ ਖਾਲੀ ਕਰਾਉਣ ਲਈ ਸੈਣੀ ਬਰਾਦਰੀ ਨੇ ਦਿੱਤਾ ਮੰਗ ਪੱਤਰ
Publish Date: Mon, 05 Jan 2026 09:19 PM (IST)
Updated Date: Mon, 05 Jan 2026 09:20 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੀ ਸੈਣੀ ਬਰਾਦਰੀ ਵੱਲੋਂ ਆਮ ਲੋਕਾਂ ਲਈ ਸਮਾਜਿਕ, ਧਾਰਮਿਕ ਅਤੇ ਸਮਾਗਮਾਂ ਲਈ ਬਣਾਏ ਗਏ ਸੈਣੀ ਭਵਨ ਵਿਚ ਪਿਛਲੇ ਲਗਭਗ ਪੰਜ ਸਾਲਾ ਤੋਂ ਨਗਰ ਕੌਂਸਲ ਦਫ਼ਤਰ ਚੱਲਣ ਕਾਰਨ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਥਿਤੀ ਕਰਕੇ ਸ਼ਹਿਰ ਦੇ ਆਮ ਪਰਿਵਾਰਾਂ ਨੂੰ ਵਿਆਹ-ਸ਼ਾਦੀਆਂ, ਭੋਗਾਂ ਅਤੇ ਹੋਰ ਸਮਾਗਮਾਂ ਲਈ ਮਹਿੰਗੇ ਪੈਲੇਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੈਣੀ ਯੂਥ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਹਲਕਾ ਡੇਰਾਬੱਸੀ ਦੇ ਵਿਧਾਇਕ ਨੂੰ ਮੰਗ ਪੱਤਰ ਸੌਂਪ ਕੇ ਸੈਣੀ ਭਵਨ ਨੂੰ ਜਲਦ ਤੋਂ ਜਲਦ ਖਾਲੀ ਕਰਨ ਦੀ ਮੰਗ ਕੀਤੀ। ਨਰਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਨਗਰ ਕੌਂਸਲ ਦਫ਼ਤਰ ਦੀ ਮੌਜੂਦਾ ਜਗ੍ਹਾ ’ਤੇ ਬੱਸ ਸਟੈਂਡ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਉਸ ਸਮੇਂ ਨਗਰ ਕੌਂਸਲ ਦਫ਼ਤਰ ਨੂੰ ਅਸਥਾਈ ਤੌਰ ’ਤੇ ਸੈਣੀ ਭਵਨ ਵਿਚ ਸ਼ਿਫਟ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਦੋ ਸਾਲਾ ਅੰਦਰ ਬੱਸ ਸਟੈਂਡ ਤਿਆਰ ਕਰ ਕੇ ਭਵਨ ਖਾਲੀ ਕਰ ਦਿੱਤਾ ਜਾਵੇਗਾ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਬੱਸ ਸਟੈਂਡ ਬਣਿਆ ਅਤੇ ਨਾ ਹੀ ਦਫ਼ਤਰ ਹਟਾਇਆ ਗਿਆ। ਇਸ ਤੋਂ ਬਾਅਦ ਨਵੀਂ ਬਣੀ ਸਰਕਾਰ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਨੂੰ ਜਲਦ ਤੋਂ ਜਲਦ ਖਾਲੀ ਕਰ ਕੇ ਲੋਕਾਂ ਦੇ ਵਿਆਹ ਸਮਾਗਮਾਂ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਨਰਿੰਦਰ ਲਾਲੀ ਨੇ ਕਿਹਾ ਕਿ ਸੈਣੀ ਭਵਨ ਦਾ ਮੂਲ ਉਦੇਸ਼ ਸਮਾਜਿਕ ਅਤੇ ਸਾਂਝੇ ਸਮਾਗਮਾਂ ਲਈ ਸੀ, ਪਰ ਹੁਣ ਇਹ ਸਰਕਾਰੀ ਦਫ਼ਤਰ ਬਣ ਕੇ ਰਹਿ ਗਿਆ ਹੈ, ਜਿਸ ਨਾਲ ਭਾਈਚਾਰੇ ਦੀਆਂ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ। ਮੰਗ ਪੱਤਰ ਵਿਚ ਸਪੱਸ਼ਟ ਤੌਰ ’ਤੇ ਮੰਗ ਕੀਤੀ ਗਈ ਕਿ ਜਾਂ ਤਾਂ ਤੁਰੰਤ ਨਵਾਂ ਨਗਰ ਕੌਂਸਲ ਦਫ਼ਤਰ ਦੀ ਉਸਾਰੀ ਸ਼ੁਰੂ ਕੀਤੀ ਜਾਵੇ ਜਾਂ ਨਗਰ ਕੌਂਸਲ ਦਫ਼ਤਰ ਨੂੰ ਕਿਸੇ ਹੋਰ ਉੱਚਿਤ ਸਥਾਨ ’ਤੇ ਤਬਦੀਲ ਕੀਤਾ ਜਾਵੇ। ਸੈਣੀ ਭਾਈਚਾਰੇ ਦੇ ਆਗੂਆਂ ਨੇ ਆਖਿਆ ਕਿ ਜੇਕਰ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਫ਼ਦ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸਬੰਧਤ ਵਿਭਾਗਾਂ ਨਾਲ ਗੱਲਬਾਤ ਕਰਕੇ ਜਲਦ ਹੱਲ ਕੱਢਿਆ ਜਾਵੇਗਾ।