ਮੁਬਾਰਕਪੁਰ ਬਾਜ਼ਾਰ ’ਚ ਸੜਕ ਧੱਸੀ, ਪ੍ਰਸ਼ਾਸਨ ਦੀ ਲਾਪ੍ਰਵਾਹੀ ਖ਼ਿਲਾਫ਼ ਲੋਕਾਂ ’ਚ ਭਾਰੀ ਰੋਸ
ਮੁਬਾਰਕਪੁਰ ਬਾਜ਼ਾਰ ਵਿਚ ਸੜਕ ਧਸੀ, ਪ੍ਰਸ਼ਾਸਨ ਦੀ ਲਾਪਰਵਾਹੀ ਖ਼ਿਲਾਫ਼ ਲੋਕਾਂ ਵਿਚ ਭਾਰੀ ਰੋਸ
Publish Date: Mon, 02 Feb 2026 07:16 PM (IST)
Updated Date: Mon, 02 Feb 2026 07:19 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਮੁਬਾਰਕਪੁਰ ਬਾਜ਼ਾਰ ਵਿਚ ਸਥਿਤ ਮਸ਼ਹੂਰ ਆਸ਼ੀਰਵਾਦ ਸਵੀਟਸ ਦੇ ਬਿਲਕੁਲ ਨਜ਼ਦੀਕ ਸੋਮਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਚਲਦੀ ਸੜਕ ਦਾ ਇਕ ਵੱਡਾ ਹਿੱਸਾ ਅਚਾਨਕ ਹੇਠਾਂ ਧੱਸ ਗਿਆ। ਇਸ ਘਟਨਾ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ ਹੈ, ਉੱਥੇ ਹੀ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਵਿਚ ਨਗਰ ਕੌਂਸਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਸੜਕ ਦਾ ਹਿੱਸਾ ਇੰਨੀ ਬੁਰੀ ਤਰ੍ਹਾਂ ਧੱਸਿਆ ਹੈ ਕਿ ਉੱਥੇ ਇੱਕ ਡੂੰਘਾ ਟੋਇਆ ਪੈ ਗਿਆ ਹੈ। ਚੰਗੀ ਕਿਸਮਤ ਰਹੀ ਕਿ ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਕੋਈ ਭਾਰੀ ਵਾਹਨ ਜਾਂ ਰਾਹਗੀਰ ਉਸ ਦੇ ਉੱਪਰੋਂ ਨਹੀਂ ਲੰਘ ਰਿਹਾ ਸੀ, ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਵੇਲੇ ਵਰਤੀ ਗਈ ਘਟੀਆ ਸਮੱਗਰੀ ਅਤੇ ਸੀਵਰੇਜ ਪਾਈਪਾਂ ਦੀ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਘਟਨਾ ਦੇ ਕਾਫ਼ੀ ਸਮੇਂ ਬਾਅਦ ਵੀ ਨਗਰ ਕੌਂਸਲ ਦੇ ਅਧਿਕਾਰੀ ਬੇਖ਼ਬਰ ਹਨ ਅਤੇ ਹਾਲੇ ਤਕ ਮੌਕੇ ’ਤੇ ਕਿਸੇ ਨੇ ਵੀ ਸਾਰ ਨਹੀਂ ਲਈ। ਆਸ਼ੀਰਵਾਦ ਸਵੀਟਸ ਦੇ ਨੇੜੇ ਸੜਕ ਟੁੱਟਣ ਕਾਰਨ ਗਾਹਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਹੈ, ਜਿਸ ਨਾਲ ਦੁਕਾਨਦਾਰਾਂ ਦਾ ਕੰਮਕਾਜ ਠੱਪ ਹੋ ਰਿਹਾ ਹੈ। ਬਾਜ਼ਾਰ ਦੇ ਲੋਕਾਂ ਨੇ ਖ਼ੁਦ ਹੀ ਧਸੇ ਹੋਏ ਹਿੱਸੇ ਦੇ ਆਲੇ-ਦੁਆਲੇ ਰੁਕਾਵਟਾਂ ਲਗਾ ਦਿੱਤੀਆਂ ਹਨ ਤਾਂ ਜੋ ਰਾਤ ਦੇ ਹਨੇਰੇ ਵਿਚ ਕੋਈ ਵਾਹਨ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਸ ਸੜਕ ਦੀ ਮੁਰੰਮਤ ਨਾ ਕੀਤੀ ਗਈ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ, ਤਾਂ ਉਹ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕਰਨਗੇ।