ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕ ਪਰੇਸ਼ਾਨ
ਬਿਜਲੀ ਸਪਲਾਈ ਠੱਪ ਹੋਣ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ
Publish Date: Sat, 24 Jan 2026 06:37 PM (IST)
Updated Date: Sun, 25 Jan 2026 04:13 AM (IST)
ਕੈਪਸ਼ਨ : ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਪਿਛਲੇ 24 ਘੰਟਿਆਂ ਤੋਂ ਮੁਹਾਲੀ ਤੇ ਖਰੜ ਇਲਾਕੇ ਦੇ ਪਿੰਡਾਂ ਅੰਦਰ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਇਲਾਕੇ ਦੇ ਵਸਨੀਕ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਆਏ ਮੀਂਹ ਅਤੇ ਤੂਫਾਨ ਤੋਂ ਬਾਅਦ ਇਲਾਕੇ ਦੇ ਪਿੰਡਾਂ ਅੰਦਰ ਬਿਜਲੀ ਸਪਲਾਈ ਠੱਪ ਹੋ ਗਈ ਸੀ ਜੋ ਕਿ ਹੁਣ ਤੱਕ ਵੀ 24 ਘੰਟੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਬਹਾਲ ਨਹੀਂ ਹੋ ਸਕੀ। ਬਿਜਲੀ ਬੰਦ ਹੋਣ ਕਾਰਨ ਪਿੰਡਾਂ ਅੰਦਰ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਕਾਰਨ ਆਮ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਵਿੱਚ ਭਾਰੀ ਔਕੜ ਪੇਸ਼ ਆ ਰਹੀ ਹੈ। ਪਸ਼ੂਆਂ ਲਈ ਹਰੇ ਚਾਰੇ ਦੀ ਕੁਟਾਈ ਅਤੇ ਪੀਣ ਵਾਲੇ ਪਾਣੀ ਲਈ ਲੋਕ ਪ੍ਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ। ਪਰ ਇਸ ਸਭ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਕੋਲੋਂ ਜਲਦ ਤੋਂ ਜਲਦ ਬਿਜਲੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ।