ਬੁਨਿਆਦੀ ਸਹੂਲਤਾਂ ਤੋਂ ਸੱਖਣੀ ਦਰਪਨ ਸਿਟੀ ਕਾਲੋਨੀ ਵਾਸੀ ਪਰੇਸ਼ਾਨ
ਬੁਨਿਆਦੀ ਸਹੂਲਤਾਂ ਤੋਂ ਸੱਖਣੀ ਦਰਪਨ ਸਿਟੀ ਕਾਲੋਨੀ ਵਾਸੀ ਪਰੇਸ਼ਾਨ,
Publish Date: Tue, 20 Jan 2026 07:30 PM (IST)
Updated Date: Tue, 20 Jan 2026 07:33 PM (IST)

ਵਾਅਦਿਆਂ ਦੇ ਬਾਵਜੂਦ ਵੀ ਅਧਿਕਾਰੀਆਂ ਅਤੇ ਵਿਧਾਇਕਾਂ ਨੇ ਕੋਈ ਕੰਮ ਨਹੀਂ ਕੀਤਾ ਮਹਿਰਾ, ਪੰਜਾਬੀ ਜਾਗਰਣ, ਖਰੜ : ਦਰਪਨ ਸਿਟੀ ਕਾਲੋਨੀ ਵਾਸੀ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ ਕਿਉਂਕਿ ਇਸ ਕਾਲੋਨੀ ਵਿਚ ਨਾ ਤਾਂ ਕਿਸੇ ਸੜਕ ਦੀ ਇਕ ਵਾਰ ਟੁੱਟਣ ਤੋਂ ਬਾਅਦ ਮੁਰੰਮਤ ਹੁੰਦੀ ਹੈ ਅਤੇ ਨਾ ਹੀ ਪਾਣੀ ਦੀ ਸਹੀ ਵਿਵਸਥਾ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡਾ ਕਾਰਨ ਹੈ ਡੰਪਿੰਗ ਗਰਾਊਂਡ ਜਿਸ ਨੂੰ ਲੈ ਕੇ ਇਸ ਕਾਲੋਨੀ ਦੇ ਵਾਸੀਆਂ ਦੇ ਸਮੇਤ ਸ਼ਹਿਰ ਦੀਆਂ ਵੱਖ-ਵੱਖ ਲੋਕ ਭਲਾਈ ਸੰਸਥਾਵਾਂ ਵੱਲੋਂ ਉਕਤ ਡੰਪਿੰਗ ਗਰਾਊਂਡ ਨੂੰ ਉਕਤ ਸਥਾਨ ਤੋਂ ਕਿਸੇ ਹੋਰ ਸਥਾਨ ’ਤੇ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਬਹੁਤ ਭੈੜੀ ਬਦਬੂ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਇਸ ਤੋਂ ਇਲਾਵਾ ਆਏ ਦਿਨ ਡੰਪਿੰਗ ਗਰਾਊਂਡ ’ਚ ਅੱਗ ਲੱਗਣ ਦੀਆਂ ਵਾਰਦਾਤਾਂ ਕਾਰਨ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਵੀ ਪੈਦਾ ਹੋ ਚੁੱਕਾ ਹੈ। ਇਸ ਡੰਪਿੰਗ ਗਰਾਊਂਡ ਨੂੰ ਉਕਤ ਸਥਾਨ ਤੋਂ ਸ਼ਿਫਟ ਕਰਵਾਉਣ ਦੀ ਮੰਗ ਨੂੰ ਲੈ ਕੇ ਕਈ ਵਾਰ ਧਰਨੇ ਵੀ ਦਿੱਤੇ ਜਾ ਚੁੱਕੇ ਹਨ ਪਰ ਇਨ੍ਹਾਂ ਧਰਨਿਆਂ ਵਿਚ ਕੇਵਲ ਲਾਅਰਿਆਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਮਿਲਿਆ। ਪੱਤਰਕਾਰ ਨੇ ਜਦੋਂ ਕਾਲੋਨੀ ਦੇ ਵਸਨੀਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਹਲਕੇ ਦੀ ਵਿਧਾਇਕ ਅਨਮੋਲ ਗਗਨ ਮਾਨ ਅੱਗੇ ਉਨ੍ਹਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਬੇਨਤੀਆਂ ਵੀ ਕੀਤੀਆਂ ਭਰ ਕੋਈ ਵੀ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਲੋਕ ਜਿੱਥੇ ਗੰਦੀ ਬਦਬੂ ਕਾਰਨ ਪਰੇਸ਼ਾਨ ਹਨ, ਉੱਥੇ ਹੀ ਚਮੜੀ ਦੀਆਂ ਕਈ ਬਿਮਾਰੀਆਂ ਲੱਗ ਚੁੱਕੀਆਂ ਹਨ ਪਰ ਵਸੇਬੇ ਕਾਰਨ ਉਥੇ ਰਹਿਣ ਲਈ ਲੋਕ ਮਜ਼ਬੂਰ ਹੋਏ ਪਏ ਹਨ। ਇਸ ਮੌਕੇ ਜਰਨੈਲ ਸਿੰਘ ਸੈਣੀ ਦਰਪਨ ਸਿਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਪ੍ਰਿੰਸੀਪਲ ਦੀਆਂ ਕਈ ਗੱਡੀਆਂ ਦਰਪਨ ਕਾਲੋਨੀ ਵਿਚੋਂ ਲੰਘਦੀਆਂ ਹਨ ਅਤੇ ਦਰਪਨ ਸਿਟੀ ਦੀਆਂ ਸੜਕਾਂ ਇਨ੍ਹਾਂ ਭਾਰੀ ਗੱਡੀਆਂ ਦੇ ਕਾਰਨ ਟੁੱਟ ਚੁੱਕੀਆਂ ਹਨ ਪਰ ਦੁਬਾਰਾ ਇਨ੍ਹਾਂ ਦੀ ਕੋਈ ਵੀ ਮੁਰੰਮਤ ਨਹੀਂ ਹੋਈ। ਇਸ ਤੋਂ ਇਲਾਵਾ ਟੈਂਡਰ ਵੀ ਪਾਸ ਹੋ ਚੁੱਕੇ ਹਨ ਪਰ ਕੰਮ ਕਿਸੇ ਪਾਸਿਓਂ ਵੀ ਸ਼ੁਰੂ ਨਹੀਂ ਹੋਇਆ। ਇਸ ਤੋਂ ਇਲਾਵਾ ਇਡਨ ਸਿਟੀ ਰੋਡ ਵਿਚ ਵੀ ਦਰਪਨ ਸਿਟੀ ਅਤੇ ਰੰਧਾਵਾ ਰੋਡ ਨੂੰ ਮਿਲਾਉਣ ਲਈ ਕੋਈ ਵੀ ਸੜਕ ਨਹੀਂ ਬਣੀ। ਇਸ ਤੋਂ ਇਲਾਵਾ ਸੀਵਰੇਜ ਵੀ ਆਏ ਦਿਨ ਬੰਦ ਹੁੰਦਾ ਰਹਿੰਦਾ ਹੈ, ਜਿਸ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦਾ ਪਾਣੀ ਵੀ ਦੂਸ਼ਿਤ ਹੈ ਅਤੇ ਹਵਾ ਵੀ ਦੂਸ਼ਿਤ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਉਹ ਇਨ੍ਹਾਂ ਏਰੀਏ ਵਿਚ ਰਹਿ ਰਹੇ ਹਨ ਅਤੇ ਹੁਣ ਕਿਧਰੇ ਹੋਰ ਵੀ ਵਸੇਬਾ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਤੇ ਵਿਧਾਇਕ ਉਨ੍ਹਾਂ ਦੀ ਸਮੱਸਿਆ ਨੂੰ ਸਮਝ ਜਾਣ ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ ਅਤੇ ਡੰਪਿੰਗ ਗਰਾਊਂਡ ਨੂੰ ਕਿਧਰੇ ਹੋਰ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਜੋ ਬੁਨਿਆਦੀ ਸਹੂਲਤਾਂ ਦੀ ਕਾਲੋਨੀ ਹੱਕਦਾਰ ਹੈ, ਉਸਨੂੰ ਦਿੱਤੀਆਂ ਜਾ ਸਕਦੀਆਂ ਹਨ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲੈ ਕੇ ਜਾਣ ਲਈ ਮਜ਼ਬੂਰ ਹੋ ਜਾਣਗੇ।