ਬਰੁੱਕਫੀਲਡ ਸਕੂਲ ’ਚ ਧੂਮਧਾਮ ਨਾਲ ਮਨਾਇਆ ਗਣਤੰਤਰ ਦਿਵਸ, ਦੇਸ਼ ਭਗਤੀ ਦੇ ਜਜ਼ਬੇ ਨਾਲ ਵਿਸ਼ੇਸ਼ ਅਸੈਂਬਲੀ ਕਰਵਾਈ
ਬਰੁੱਕਫੀਲਡ ਸਕੂਲ ’ਚ ਧੂਮਧਾਮ ਨਾਲ ਮਨਾਇਆ ਗਣਤੰਤਰ ਦਿਵਸ,
Publish Date: Tue, 27 Jan 2026 05:33 PM (IST)
Updated Date: Tue, 27 Jan 2026 05:37 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕੁਰਾਲੀ : ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾਂ ਰੋਡ ਵਿਖੇ ਇਕ ਬਹੁਤ ਹੀ ਮਾਣਮੱਤੀ ਅਤੇ ਯਾਦਗਾਰੀ ‘ਵਿਸ਼ੇਸ਼ ਅਸੈਂਬਲੀ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਬੰਸਲ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ਸਮੁੱਚਾ ਵਾਤਾਵਰਨ ਰਾਸ਼ਟਰੀ ਗੌਰਵ ਅਤੇ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਸਮਾਗਮ ਦੌਰਾਨ ਜਮਾਤ ਸੱਤਵੀਂ, ਅੱਠਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਦੇਸ਼ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਸ਼ਾਨਦਾਰ ਨ੍ਰਿਤ ਅਤੇ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤੇ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਏਕਤਾ, ਕੁਰਬਾਨੀ ਅਤੇ ਰਾਸ਼ਟਰੀ ਸਵੈ-ਮਾਣ ਦਾ ਸੁਨੇਹਾ ਦਿੱਤਾ ਗਿਆ। ਇਸ ਦਿਨ ਦਾ ਮੁੱਖ ਆਕਰਸ਼ਣ ਐੱਨਸੀਸੀ ਕੈਡਿਟਾਂ ਦੀ ਪਰੇਡ ਰਹੀ, ਜਿਸ ਵਿਚ ਵਿਦਿਆਰਥੀਆਂ ਦਾ ਅਨੁਸ਼ਾਸਨ ਅਤੇ ਸਮਰਪਣ ਸਾਫ਼ ਝਲਕ ਰਿਹਾ ਸੀ। ਇਸ ਮੌਕੇ ਆਰਮੀ ਡੇਅ ਦੇ ਸਮਾਗਮਾਂ ਅਤੇ ਗਣਤੰਤਰ ਦਿਵਸ ਦੇ ਕੁਇਜ਼ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐੱਨਸੀਸੀ ਕੈਡਿਟਾਂ ਨੂੰ ਵਿਸ਼ੇਸ਼ ਤੌਰ ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਪ੍ਰਧਾਨ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ, ਕਿ ਸਾਨੂੰ ਆਪਣੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਅਤੇ ਅਨੁਸ਼ਾਸਨ ਦੀ ਅਜਿਹੀ ਭਾਵਨਾ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨਾਲ ਜੋੜਨ ਲਈ ਬਹੁਤ ਜ਼ਰੂਰੀ ਹਨ। ਸਾਡਾ ਮਕਸਦ ਵਿਦਿਆਰਥੀਆਂ ਨੂੰ ਨਾ ਸਿਰਫ਼ ਵਧੀਆ ਸਿੱਖਿਆ ਦੇਣਾ ਹੈ, ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਦੇਸ਼ ਭਗਤ ਨਾਗਰਿਕ ਬਣਾਉਣਾ ਵੀ ਹੈ। ਇਸ ਜਸ਼ਨ ਨੇ ਕੈਂਪਸ ਵਿਚ ਮੌਜੂਦ ਹਰ ਸ਼ਖ਼ਸ ਨੂੰ ਆਪਣੇ ਮਹਾਨ ਦੇਸ਼ ਦੇ ਆਦਰਸ਼ਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ।