ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਥਾਣਾ ਮੁਖੀ ਨਾਲ ਮੁਲਾਕਾਤ
ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਥਾਣਾ ਮੁਖੀ ਨਾਲ ਮੁਲਾਕਾਤ; ਫੈਕਟਰੀਆਂ ਵਿਚ ਵੱਧ ਰਹੇ ਅਪਰਾਧਾਂ 'ਤੇ ਚਿੰਤਾ ਪ੍ਰਗਟਾਈ
Publish Date: Fri, 06 Mar 2026 06:20 PM (IST)
Updated Date: Fri, 06 Mar 2026 06:24 PM (IST)

ਫੈਕਟਰੀਆਂ ਵਿਚ ਵੱਧ ਰਹੇ ਅਪਰਾਧਾਂ ਤੇ ਚਿੰਤਾ ਪ੍ਰਗਟਾਈ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਇੰਡਸਟਰੀਅਲ ਏਰੀਆ ’ਚ ਪਿਛਲੇ ਕੁਝ ਸਮੇਂ ਤੋਂ ਫੈਕਟਰੀਆਂ ਵਿਚ ਵੱਧ ਰਹੀਆਂ ਚੋਰੀਆਂ ਅਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਲੈ ਕੇ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਨਾਲ ਇਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਉਦਯੋਗਿਕ ਖੇਤਰ ਵਿਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ, ਜਿਸ ਕਾਰਨ ਫੈਕਟਰੀ ਮਾਲਕਾਂ ਵਿਚ ਸਹਿਮ ਦਾ ਮਾਹੌਲ ਹੈ। ਮੈਂਬਰਾਂ ਨੇ ਮੰਗ ਕੀਤੀ ਕਿ ਇੰਡਸਟਰੀਅਲ ਏਰੀਆ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਤੇ ਨੱਥ ਪਾਈ ਜਾ ਸਕੇ। ਐਸੋਸੀਏਸ਼ਨ ਦੇ ਵਫ਼ਦ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਰਾਣੀਆਂ ਵਾਰਦਾਤਾਂ ਨੂੰ ਜਲਦ ਸੁਲਝਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇੰਸਪੈਕਟਰ ਸੁਮਿਤ ਮੋਰ ਨੇ ਐਸੋਸੀਏਸ਼ਨ ਦੀਆਂ ਸ਼ਿਕਾਇਤਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਖੇਤਰ ਵਿਚ ਪੁਲਿਸ ਦੀ ਚੌਕਸੀ ਵਧਾ ਦਿੱਤੀ ਜਾਵੇਗੀ। ਸ਼ੱਕੀਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਦਯੋਗਿਕ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਲਿਸ ਦੀ ਪਹਿਲ ਹੈ। ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਨੇ ਕਿਹਾ ਕਿ ਉਹ ਉਦਯੋਗਪਤੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇੰਡਸਟਰੀਅਲ ਏਰੀਆ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਵਪਾਰੀ ਨਿਡਰ ਹੋ ਕੇ ਆਪਣਾ ਕੰਮ ਕਰ ਸਕਣ। ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਵਾਲਾ ਰੋਡ ਤੇ ਤੁਰੰਤ ਇਕ ਪੁਲਿਸ ਚੌਕੀ ਸਥਾਪਤ ਕੀਤੀ ਜਾਵੇ। ਰਾਤ ਨੂੰ ਨਿਯਮਤ ਅਤੇ ਪ੍ਰਭਾਵਸ਼ਾਲੀ ਪੁਲਿਸ ਗਸ਼ਤ ਵਧਾਈ ਜਾਵੇ। ਉਦਯੋਗਿਕ ਖੇਤਰ ਵਿਚ ਸੁਰੱਖਿਆ ਮਜ਼ਬੂਤ ਕੀਤੀ ਜਾਵੇ। ਡੇਰਾਬੱਸੀ ਇੰਡਸਟਰੀਅਲ ਏਰੀਆ ਵਿਚ ਉਦਯੋਗਾਂ, ਕਾਮਿਆਂ ਅਤੇ ਨਿਵੇਸ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦੇਦਾਰ ਅਤੇ ਕਈ ਫੈਕਟਰੀ ਮਾਲਕ ਮੌਜੂਦ ਸਨ, ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।