ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਮਿਲੇਗੀ ਰਾਹਤ, ਬਣੇਗੀ ਜ਼ਿਲ੍ਹੇ ਦੀ ਪਹਿਲੀ ‘ਹਾਈ-ਟੈੱਕ ਡੌਗ ਸੈਂਚੁਰੀ’
ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਮਿਲੇਗੀ ਰਾਹਤ, ਬਣੇਗੀ ਜ਼ਿਲ੍ਹੇ ਦੀ ਪਹਿਲੀ 'ਹਾਈ-ਟੈਕ ਡੌਗ ਸੈਂਚੁਰੀ',
Publish Date: Mon, 16 Feb 2026 08:46 PM (IST)
Updated Date: Mon, 16 Feb 2026 08:48 PM (IST)

- 40 ਲੱਖ ਰੁਪਏ ਦਾ ਬਜਟ ਪਾਸ, ਸ਼ਹਿਰ ਨੂੰ ‘ਰੈਬੀਜ਼ ਮੁਕਤ’ ਕਰਨ ਦਾ ਟੀਚਾ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸ਼ਹਿਰ ਦੀਆਂ ਗਲੀਆਂ ਅਤੇ ਰਿਹਾਇਸ਼ੀ ਸੁਸਾਇਟੀਆਂ ਵਿਚ ਆਵਾਰਾ ਕੁੱਤਿਆਂ ਦੇ ਵਧ ਰਹੇ ਖ਼ਤਰੇ ਅਤੇ ਰੋਜ਼ਾਨਾ ਹੋ ਰਹੇ ‘ਡੌਗ-ਬਾਈਟ’ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਨਗਰ ਕੌਂਸਲ ਜ਼ੀਰਕਪੁਰ ਨੇ ਇੱਕ ਵੱਡਾ ‘ਮਾਸਟਰ ਪਲਾਨ’ ਉਲੀਕਿਆ ਹੈ। ਇਸ ਯੋਜਨਾ ਤਹਿਤ ਜ਼ੀਰਕਪੁਰ ਦੇ ਪਿੰਡ ਭਬਾਤ ਵਿਚ ਜ਼ਿਲ੍ਹੇ ਦੀ ਪਹਿਲੀ ਅਤਿ-ਆਧੁਨਿਕ ‘ਡੌਗ ਸੈਂਚੁਰੀ’ (ਕੁੱਤਿਆਂ ਲਈ ਸੁਰੱਖਿਅਤ ਆਸ਼ਿਆਨਾ) ਸਥਾਪਿਤ ਕੀਤੀ ਜਾ ਰਹੀ ਹੈ। ਲਗਭਗ 40 ਲੱਖ ਰੁਪਏ ਦੇ ਬਜਟ ਨਾਲ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬੇਜ਼ੁਬਾਨ ਜਾਨਵਰਾਂ ਦੀ ਮਨੁੱਖੀ ਢੰਗ ਨਾਲ ਦੇਖਭਾਲ ਕਰਨਾ ਹੈ। ਇਹ ਸੈਂਚੁਰੀ ਪਿੰਡ ਭਬਾਤ ਵਿਚ ਪਹਿਲਾਂ ਤੋਂ ਮੌਜੂਦ ਡੌਗ ਹਸਪਤਾਲ ਦੇ ਬਿਲਕੁਲ ਨੇੜੇ ਬਣਾਈ ਜਾਵੇਗੀ, ਤਾਂ ਜੋ ਉੱਥੇ ਰੱਖੇ ਜਾਣ ਵਾਲੇ ਕੁੱਤਿਆਂ ਨੂੰ ਲੋੜ ਪੈਣ ’ਤੇ ਤੁਰੰਤ ਮੈਡੀਕਲ ਸਹਾਇਤਾ ਮਿਲ ਸਕੇ। ਇਸ ਕੇਂਦਰ ਵਿਚ ਇਕੋ ਸਮੇਂ 2,500 ਕੁੱਤਿਆਂ ਨੂੰ ਰੱਖਣ ਦੀ ਸਮਰੱਥਾ ਹੋਵੇਗੀ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਕੁੱਤਿਆਂ ਦਾ ਜਮਾਵੜਾ ਘੱਟ ਹੋਣ ਦੀ ਪੂਰੀ ਉਮੀਦ ਹੈ। ਪ੍ਰਸ਼ਾਸਨ ਨੂੰ ਕਿਉਂ ਚੁੱਕਣਾ ਪਿਆ ਇਹ ਕਦਮ : ਪਿਛਲੇ ਕੁੱਝ ਮਹੀਨਿਆਂ ਦੌਰਾਨ ਪਾਰਕਾਂ ਅਤੇ ਮੁਹੱਲਿਆਂ ਵਿਚ ਖੇਡਦੇ ਬੱਚਿਆਂ ਅਤੇ ਸੈਰ ਕਰਦੇ ਬਜ਼ੁਰਗਾਂ ’ਤੇ ਆਵਾਰਾ ਕੁੱਤਿਆਂ ਦੇ ਹਮਲਿਆਂ ਵਿਚ ਭਾਰੀ ਵਾਧਾ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਰਾਤ ਦੇ ਸਮੇਂ ਸੜਕਾਂ ਤੇ ਕੁੱਤਿਆਂ ਦੇ ਅਚਾਨਕ ਵਾਹਨਾਂ ਅੱਗੇ ਆਉਣ ਕਾਰਨ ਹੁੰਦੇ ਹਾਦਸਿਆਂ ਅਤੇ ਰੇਬੀਜ਼ ਦੇ ਫੈਲਣ ਦੇ ਖ਼ਤਰੇ ਨੇ ਪ੍ਰਸ਼ਾਸਨ ਦੀ ਨੀਂਦ ਉਡਾਈ ਹੋਈ ਸੀ। ਜ਼ੀਰਕਪੁਰ ਵਰਗੇ ਤੇਜ਼ੀ ਨਾਲ ਵਿਕਸਤ ਹੋ ਰਹੇ ਸ਼ਹਿਰ ਵਿਚ ਇਹ ਹੁਣ ਸਿਰਫ਼ ਸੁਰੱਖਿਆ ਦਾ ਮੁੱਦਾ ਨਹੀਂ, ਸਗੋਂ ਇਕ ਗੰਭੀਰ ਸਮਾਜਿਕ ਸਮੱਸਿਆ ਬਣ ਚੁੱਕੀ ਸੀ। ਸਮੱਸਿਆ ਦੇ ਤਿੰਨ ਪ੍ਰਮੁੱਖ ਪਹਿਲੂ : ਪਾਰਕਾਂ ਅਤੇ ਸੁਸਾਇਟੀਆਂ ਵਿਚ ਮਾਸੂਮ ਬੱਚਿਆਂ ਤੇ ਹੋ ਰਹੇ ਹਮਲਿਆਂ ਕਾਰਨ ਮਾਪਿਆਂ ਵਿਚ ਦਹਿਸ਼ਤ। ਰਾਤ ਵੇਲੇ ਕੁੱਤਿਆਂ ਕਾਰਨ ਦੋਪਹੀਆ ਵਾਹਨ ਸਵਾਰਾਂ ਦੇ ਡਿੱਗਣ ਅਤੇ ਗੰਭੀਰ ਸੱਟਾਂ ਲੱਗਣ ਦੀਆਂ ਘਟਨਾਵਾਂ। ਸਮੇਂ ਸਿਰ ਟੀਕਾਕਰਨ ਨਾ ਹੋਣ ਕਾਰਨ ਰੇਬੀਜ਼ ਵਰਗੀਆਂ ਮਾਰੂ ਬਿਮਾਰੀਆਂ ਫੈਲਣ ਦਾ ਡਰ। ਸਿਰਫ਼ ਪਨਾਹਗਾਹ ਹੀ ਨਹੀਂ, ਪੂਰਾ ‘ਕੇਅਰ ਸੈਂਟਰ’ ਹੋਵੇਗਾ : ਨਗਰ ਕੌਂਸਲ ਅਨੁਸਾਰ ਇਹ ਸਿਰਫ਼ ਕੁੱਤਿਆਂ ਨੂੰ ਬੰਦ ਕਰਨ ਵਾਲਾ ਵਾੜਾ ਨਹੀਂ ਹੋਵੇਗਾ, ਸਗੋਂ ਇਕ ਪੂਰਨ ਕੇਅਰ ਸੈਂਟਰ ਵਜੋਂ ਕੰਮ ਕਰੇਗਾ। ਕੁੱਤਿਆਂ ਦੀ ਵਧਦੀ ਆਬਾਦੀ ਨੂੰ ਰੋਕਣ ਲਈ ਕੌਂਸਲ ਨੇ ਇਕ ਮੈਗਾ ਨਸਬੰਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਕੁੱਤਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਫੜਨ ਲਈ ਕੌਂਸਲ ਵੱਲੋਂ ਜਲਦੀ ਹੀ ਵਿਸ਼ੇਸ਼ ਵੈਨਾਂ ਖ਼ਰੀਦੀਆਂ ਜਾਣਗੀਆਂ। ਸ਼ਹਿਰ ਵਿਚ ਗੰਦਗੀ ਨਾ ਫੈਲੇ, ਇਸ ਲਈ ਹਰ ਵਾਰਡ ਵਿਚ ਕੁੱਤਿਆਂ ਨੂੰ ਖਾਣਾ ਪਾਉਣ ਲਈ ਵਿਸ਼ੇਸ਼ ਸਥਾਨ (ਫੀਡਿੰਗ ਪੁਆਇੰਟ) ਤੈਅ ਕੀਤੇ ਜਾਣਗੇ। ਪੀੜਤਾਂ ਨੂੰ ਮੁਆਵਜ਼ਾ : ਨਗਰ ਕੌਂਸਲ ਨੇ ਡੌਗ-ਬਾਈਟ ਦੇ ਸ਼ਿਕਾਰ ਹੋਏ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ। ਹੁਣ ਤੱਕ ਪ੍ਰਾਪਤ ਹੋਈਆਂ 29 ਅਰਜ਼ੀਆਂ ਵਿਚੋਂ ਜ਼ਿਲ੍ਹਾ ਪੱਧਰੀ ਜਾਂਚ ਟੀਮ ਦੀ ਸਿਫ਼ਾਰਸ਼ ਤੇ 9 ਪੀੜਤਾਂ ਨੂੰ 20,000-20,000 ਰੁਪਏ ਦੇ ਮੁਆਵਜ਼ਾ ਚੈੱਕ ਜਾਰੀ ਕੀਤੇ ਗਏ ਹਨ। ਹਾਲਾਂਕਿ, 16 ਫਾਈਲਾਂ ਹਾਲੇ ਵੀ ਪੈਂਡਿੰਗ ਹਨ ਕਿਉਂਕਿ ਪੀੜਤਾਂ ਨੇ ਵਾਰ-ਵਾਰ ਕਹਿਣ ਦੇ ਬਾਵਜੂਦ ਲੁੜੀਂਦੇ ਮੈਡੀਕਲ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਹਨ। ਬਾਕੀ ਫਾਈਲਾਂ ਤੇ ਕੰਮ ਚੱਲ ਰਿਹਾ ਹੈ। ਕੋਟਸ ਭਬਾਤ ਵਿਖੇ ਮੌਜੂਦ ਡੌਗ ਪੌਂਡ ਦੇ ਨੇੜੇ ਆਵਾਰਾ ਕੁੱਤਿਆਂ ਲਈ ਇੱਕ ਸੁਰੱਖਿਅਤ ਪਨਾਹਗਾਹ (ਡੌਗ ਸੈਂਚੁਰੀ) ਬਣਾਉਣ ਦੀ ਤਿਆਰੀ ਪੂਰੀ ਹੈ। ਇੱਥੇ ਉਨ੍ਹਾਂ ਨੂੰ ਖਾਣਾ ਅਤੇ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪ੍ਰਾਜੈਕਟ ਦਾ ਐਸਟੀਮੇਟ ਤਿਆਰ ਹੋ ਚੁੱਕਾ ਹੈ ਅਤੇ ਸਾਡਾ ਟੀਚਾ ਅਗਲੇ 6 ਤੋਂ 7 ਮਹੀਨਿਆਂ ਵਿਚ ਇਸ ਨੂੰ ਮੁਕੰਮਲ ਕਰਨਾ ਹੈ। ਜੇਕਰ ਇਹ ਮਾਡਲ ਸਫ਼ਲ ਰਿਹਾ, ਤਾਂ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੇ ਅਸਥਾਨ ਬਣਾਏ ਜਾਣਗੇ। - ਪਰਵਿੰਦਰ ਸਿੰਘ ਭੱਟੀ, ਕਾਰਜਸਾਧਕ ਅਫ਼ਸਰ, ਨਗਰ ਕੌਂਸਲ, ਜ਼ੀਰਕਪੁਰ।