ਸਰਕਾਰੀ ਹਸਪਤਾਲ ’ਚ ਇਲਾਜ ਤੋਂ ਪਹਿਲਾਂ ਆਭਾ ਐੱਪ ’ਤੇ ਰਜਿਸਟਰੇਸ਼ਨ ਲਾਜ਼ਮੀ
ਸਰਕਾਰੀ ਹਸਪਤਾਲ ’ਚ ਇਲਾਜ ਤੋਂ ਪਹਿਲਾਂ ਆਭਾ ਐੱਪ ’ਤੇ ਰਜਿਸਟਰੇਸ਼ਨ ਲਾਜ਼ਮੀ,
Publish Date: Fri, 09 Jan 2026 06:43 PM (IST)
Updated Date: Fri, 09 Jan 2026 06:45 PM (IST)

ਬਿਨਾਂ ਰਜਿਸਟਰੇਸ਼ਨ ਪਰਚੀ ਬਣਨਾ ਹੋ ਸਕਦੈ ਮੁਸ਼ਕਲ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਜੇਕਰ ਤੁਸੀਂ ਸਰਕਾਰੀ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਜਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਭਾ ਐੱਪ ’ਤੇ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਬਿਨ੍ਹਾਂ ਆਭਾ ਐੱਪ ’ਤੇ ਰਜਿਸਟਰੇਸ਼ਨ ਦੇ ਸਰਕਾਰੀ ਹਸਪਤਾਲ ’ਚ ਪਰਚੀ ਬਣਵਾਉਣ ਵਿਚ ਦਿੱਕਤ ਆ ਸਕਦੀ ਹੈ ਅਤੇ ਮਰੀਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲੋਕਾਂ ਨੂੰ ਤੇਜ਼ੀ ਨਾਲ ਆਭਾ ਐੱਪ ਨਾਲ ਜੋੜਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਸਿਵਲ ਹਸਪਤਾਲ ਡੇਰਾਬੱਸੀ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਮਰੀਜ਼ ਨੂੰ ਇਲਾਜ ਕਰਵਾਉਣ ਤੋਂ ਪਹਿਲਾਂ ਆਭਾ ਐੱਪ ਨਾਲ ਰਜਿਸਟਰ ਹੋਣਾ ਜ਼ਰੂਰੀ ਹੈ। ਇਹ ਪੂਰਾ ਪ੍ਰਕਿਰਿਆ ਲਗਭਗ 5 ਮਿੰਟ ਵਿਚ ਪੂਰੀ ਹੋ ਜਾਂਦੀ ਹੈ। ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਆਭਾ ਐੱਪ ਰਾਹੀਂ ਮਰੀਜ਼ ਘਰ ਬੈਠਿਆਂ ਹੀ ਹਸਪਤਾਲ ਜਾਣ ਤੋਂ ਕਰੀਬ ਇਕ ਘੰਟਾ ਪਹਿਲਾਂ ਆਪਣਾ ਟੋਕਨ ਬੁੱਕ ਕਰ ਸਕਦਾ ਹੈ, ਜਿਸ ਨਾਲ ਹਸਪਤਾਲ ਵਿਚ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਰਹਿੰਦੀ ਅਤੇ ਸਮੇਂ ਦੀ ਬਚਤ ਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਭਾ ਐੱਪ ਨਾਲ ਮਰੀਜ਼ ਦੇ ਸਾਰੇ ਰੋਗਾਂ ਅਤੇ ਇਲਾਜ ਨਾਲ ਸਬੰਧਤ ਰਿਕਾਰਡ ਡਿਜ਼ੀਟਲ ਤੌਰ ’ਤੇ ਸੁਰੱਖਿਅਤ ਰਹਿੰਦੇ ਹਨ। ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਫਾਈਲ ਜਾਂ ਦਸਤਾਵੇਜ਼ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਹੁੰਦੀ। ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾਣ ’ਤੇ ਵੀ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਇਸ ਐੱਪ ਦੇ ਜ਼ਰੀਏ ਇਲਾਜ ਸੰਭਵ ਹੈ। ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਡੇਰਾਬੱਸੀ ਖੇਤਰ ਵਿਚ ਲਗਭਗ 25 ਫ਼ੀਸਦੀ ਲੋਕ ਆਭਾ ਐੱਪ ’ਤੇ ਰਜਿਸਟਰ ਹੋ ਚੁੱਕੇ ਹਨ ਅਤੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਮੇਂ ’ਤੇ ਆਭਾ ਐੱਪ ਨਾਲ ਜੁੜਨ, ਤਾਂ ਜੋ ਭਵਿੱਖ ਵਿਚ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।