ਮੁੱਖ ਮੰਤਰੀ ਸਿਹਤ ਬੀਮਾ ਕਾਰਡ ਲਈ ਰਜਿਸਟ੍ਰੇਸ਼ਨ ਵੱਖ-ਵੱਖ ਥਾਈਂ ਸ਼ੁਰੂ : ਸਿਵਲ ਸਰਜਨ
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਲਈ ਪੰਜੀਕਰਣ ਵੱਖ-ਵੱਖ ਥਾਈਂ ਜਾਰੀ : ਸਿਵਲ ਸਰਜਨ
Publish Date: Sat, 24 Jan 2026 08:00 PM (IST)
Updated Date: Sun, 25 Jan 2026 04:19 AM (IST)

ਫ਼ੋਟੋ : ਜ਼ਿਲ੍ਹਾ ਹਸਪਤਾਲ ਮੋਹਾਲੀ ਪੰਜੀਕਰਨ ਸ਼ੁਰੂ ਕਰਦੇ ਹੋਏ ਡਾਕਟਰ * ਜ਼ਿਲ੍ਹਾ ਹਸਪਤਾਲ ਮੋਹਾਲੀ ’ਚ ਵੀ ਸ਼ੁਰੂ ਹੋਈ ਰਜਿਸਟ੍ਰੇਸ਼ਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਬੀਮਾ ਕਾਰਡ ਲਈ ਪੰਜੀਕਰਨ ਦਾ ਕੰਮ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਦਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਹਰ ਪੰਜਾਬ ਵਾਸੀ ਦਾ ਸਿਹਤ ਕਾਰਡ ਬਣਾਇਆ ਜਾਣਾ ਹੈ। ਇਸ ਯੋਜਨਾ ਤਹਿਤ ਹਰ ਪਰਿਵਾਰ ਦਾ ਸਾਲ ਦਾ 10 ਲੱਖ ਰੁਪਏ ਤਕ ਦਾ ਸਿਹਤ ਬੀਮਾ ਕੀਤਾ ਜਾਵੇਗਾ। ਕਾਰਡ ਧਾਰਕ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਸਰਕਾਰੀ ਜਾਂ ਸੂਚੀਬੱਧ ਨਿੱਜੀ ਹਸਪਤਾਲ ਵਿਚ ਦਾਖ਼ਲ ਹੋਣ ’ਤੇ ਉਸ ਦਾ 10 ਲੱਖ ਰੁਪਏ ਤਕ ਦਾ ਡਾਕਟਰੀ ਇਲਾਜ ਬਿਲਕੁਲ ਮੁਫ਼ਤ ਹੋਵੇਗਾ। ਮਰੀਜ਼ ਨੂੰ ਆਪਣੇ ਕੋਲੋਂ ਕੋਈ ਪੈਸਾ ਨਹੀਂ ਦੇਣਾ ਪਵੇਗਾ। ਡਾ. ਸੰਗੀਤਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਖੁੱਲ੍ਹੇ ਹੋਏ ਕਾਮਨ ਸਰਵਿਸ ਸੈਂਟਰਾਂ ਵਿਚ ਇਹ ਕਾਰਡ ਬਣਾਉਣ ਲਈ ਪੰਜੀਕਰਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਚ ਵੀ ਪੰਜੀਕਰਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕਾਫ਼ੀ ਗਿਣਤੀ ਵਿਚ ਲੋਕ ਆ ਕੇ ਪੰਜੀਕਰਣ ਕਰਵਾ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ ਸਭ ਤੋਂ ਪਹਿਲਾ ਸਫ਼ਲ ਪੰਜੀਕਰਣ ਦਵਿੰਦਰਪਾਲ ਸਿੰਘ ਦਾ ਹੋਇਆ ਹੈ, ਜਿਨ੍ਹਾਂ ਦੀ ਉਮਰ 60 ਸਾਲ ਹੈ ਅਤੇ ਉਹ ਮੋਹਾਲੀ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਨੂੰ ਕੁੱਝ ਹੀ ਦਿਨਾਂ ਵਿਚ ਕਾਰਡ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਕਾਰਡ ਬਣਾਉਣ ਦਾ ਚਾਹਵਾਨ ਵਿਅਕਤੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ। ਪੰਜੀਕਰਣ ਵਾਸਤੇ ਪਰਿਵਾਰ ਦੇ ਸਾਰੇ ਜੀਆਂ ਦਾ ਆਧਾਰ ਕਾਰਡ ਅਤੇ ਬਾਲਗ਼ਾਂ ਦਾ ਵੋਟਰ ਕਾਰਡ ਲੋੜੀਂਦਾ ਹੈ। ਪੰਜੀਕਰਣ ਸਫ਼ਲਤਾਪੂਰਵਕ ਹੋਣ ਦੇ ਕੁੱਝ ਦਿਨਾਂ ਬਾਅਦ ਵਿਅਕਤੀ ਨੂੰ ਸਿਹਤ ਬੀਮਾ ਕਾਰਡ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਪਰਿਵਾਰ ਸਿਹਤ ਬੀਮਾ ਕਾਰਡ ਬਣਵਾਏ ਅਤੇ ਪੰਜਾਬ ਸਰਕਾਰ ਦੁਆਰਾ ਦਿਤੀ ਜਾ ਰਹੀ ਇਸ ਬੇਮਿਸਾਲ ਸਹੂਲਤ ਦਾ ਫ਼ਾਇਦਾ ਲਵੇ। ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਅਤੇ ਡਾ. ਪਰਮਿੰਦਰਜੀਤ ਸਿੰਘ, ਮੈਡੀਕਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਨਵਦੀਪ ਸੈਣੀ, ਆਰਥੋ ਸਰਜਨ ਡਾ. ਅਨੁਪਮ, ਐਪੀਡੀਮੋਲੋਜਿਟਸ ਡਾ. ਹਰਮਨਦੀਪ ਕੌਰ, ਡਾ. ਪਰਮਿੰਦਰ ਸੰਧੂ ਆਦਿ ਹਾਜ਼ਰ ਸਨ।