ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਵਾਹਨਾਂ 'ਤੇ ਲਾਏ ਰਿਫਲੈਕਟਰ, ਵਾਹਨ ਚਾਲਕਾਂ ਨੂੰ ਕੀਤਾ ਜਾਗਰੂਕ
ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਵਾਹਨਾਂ 'ਤੇ ਲਗਾਏ ਰਿਫਲੈਕਟਰ, ਵਾਹਨ ਚਾਲਕਾਂ ਨੂੰ ਕੀਤਾ ਜਾਗਰੂਕ
Publish Date: Sat, 03 Jan 2026 06:22 PM (IST)
Updated Date: Sat, 03 Jan 2026 06:23 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸ਼ਨਿੱਚਰਵਾਰ ਨੂੰ ਮੁਬਾਰਕਪੁਰ ਟ੍ਰੈਫਿਕ ਇੰਚਾਰਜ ਹਰਕੇਸ਼ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਵਾਹਨਾਂ ਤੇ ਰਿਫਲੈਕਟਰ ਲਾਏ ਅਤੇ ਥ੍ਰੀ-ਵ੍ਹੀਲਰ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ। ਟ੍ਰੈਫਿਕ ਇੰਚਾਰਜ ਹਰਕੇਸ਼ ਸਿੰਘ ਨੇ ਖ਼ੁਦ ਖੜ੍ਹੇ ਹੋ ਕੇ ਟਰੱਕਾਂ, ਟਰਾਲੀਆਂ, ਥ੍ਰੀ-ਵ੍ਹੀਲਰਾਂ ਅਤੇ ਹੋਰ ਵਾਹਨਾਂ ਦੇ ਪਿੱਛੇ ਚਮਕਦਾਰ ਰਿਫਲੈਕਟਰ ਲਗਵਾਏ। ਉਨ੍ਹਾਂ ਦੱਸਿਆ ਕਿ ਧੁੰਦ ਦੇ ਮੌਸਮ ’ਚ ਇਹ ਰਿਫਲੈਕਟਰ ਦੂਰੋਂ ਚਮਕਦੇ ਹਨ, ਜਿਸ ਨਾਲ ਪਿੱਛੋਂ ਆਉਣ ਵਾਲੇ ਵਾਹਨਾਂ ਨੂੰ ਅੱਗੇ ਜਾ ਰਹੇ ਵਾਹਨ ਦਾ ਪਤਾ ਲੱਗ ਜਾਂਦਾ ਹੈ ਅਤੇ ਹਾਦਸਾ ਹੋਣ ਤੋਂ ਬਚਾਅ ਰਹਿੰਦਾ ਹੈ। ਇਸ ਮੌਕੇ ਚੈਕਿੰਗ ਦੌਰਾਨ ਪੁਲਿਸ ਟੀਮ ਨੇ ਚਾਲਕਾਂ ਨੂੰ ਸੀਟ ਬੈਲਟ ਲਗਾਉਣ, ਹੈਲਮਟ ਪਹਿਨਣ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਨੇ ਖ਼ਾਸ ਕਰਕੇ ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਨੂੰ ਸਮਰੱਥਾ ਤੋਂ ਵੱਧ ਲੋਡ ਨਾ ਕਰਨ ਅਤੇ ਸੜਕ ਦੇ ਕਿਨਾਰੇ ਗ਼ਲਤ ਤਰੀਕੇ ਨਾਲ ਵਾਹਨ ਪਾਰਕ ਨਾ ਕਰਨ। ਉਨ੍ਹਾਂ ਦਾ ਮਕਸਦ ਲੋਕਾਂ ਦੇ ਚਾਲਾਨ ਕੱਟਣਾ ਨਹੀਂ, ਬਲਕਿ ਉਨ੍ਹਾਂ ਦੀ ਜਾਨ ਦੀ ਸੁਰੱਖਿਆ ਕਰਨਾ ਹੈ। ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ, ਤਾਂ ਹੀ ਸੜਕੀ ਹਾਦਸਿਆਂ ਦੀ ਦਰ ਨੂੰ ਘਟਾਇਆ ਜਾ ਸਕਦਾ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਸੁਰੱਖਿਆ ਮਹੀਨੇ ਨੂੰ ਸਿਰਫ਼ ਇਕ ਰਸਮ ਨਾ ਸਮਝਣ, ਬਲਕਿ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਉਣ ਵਾਲੇ ਦਿਨਾਂ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ।