ਰਾਣਾ ਗੁਰਮੀਤ ਸਿੰਘ ਸੋਢੀ ਬਣੇ "ਦਿ ਵਰਲਡ ਗੱਤਕਾ ਫੈਡਰੇਸ਼ਨ" ਦੇ ਪ੍ਰਧਾਨ
ਰਾਣਾ ਗੁਰਮੀਤ ਸਿੰਘ ਸੋਢੀ ਬਣੇ "ਦਿ ਵਰਲਡ ਗੱਤਕਾ ਫੈਡਰੇਸ਼ਨ" ਦੇ ਪ੍ਰਧਾਨ
Publish Date: Fri, 02 Jan 2026 06:50 PM (IST)
Updated Date: Fri, 02 Jan 2026 06:53 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿੱਖਾਂ ਦੀ ਵਿਰਾਸਤੀ ਖੇਡ ਗੱਤਕਾ ਨੂੰ ਵਿਸ਼ਵ ਪੱਧਰ ’ਤੇ ਖੇਡ ਦੇ ਰੂਪ ਵਿਚ ਉਭਾਰਨ, ਪ੍ਰਚਾਰ ਤੇ ਪ੍ਰਸਾਰ ਲਈ ਦਿ ਵਰਲਡ ਗੱਤਕਾ ਫੈਡਰੇਸ਼ਨ ਉਪਰਾਲੇ ਕਰ ਰਹੀ ਹੈ। ਦਿ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪਿਛਲੇ ਸਮੇਂ ਦੇਹਾਂਤ ਹੋਣ ਕਾਰਨ ਦਿ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਦੀ ਸੀਟ ਖਾਲੀ ਸੀ, ਜਿਨ੍ਹਾਂ ਦੀ ਜਗ੍ਹਾ ਸਾਬਕਾ ਖੇਡ, ਯੁਵਕ ਸੇਵਾਵਾਂ ਅਤੇ ਐੱਨਆਰਆਈ ਮੰਤਰੀ ਪੰਜਾਬ ਗੁਰਮੀਤ ਸਿੰਘ ਸੋਢੀ ਨੂੰ ਚੁਣਿਆ ਗਿਆ ਹੈ। ਇਹ ਜਾਣਕਾਰੀ ਦਿ ਵਰਲਡ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਰਜਿੰਦਰ ਸਿੰਘ ਸੋਹਲ ਵੱਲੋਂ ਸਾਂਝੀ ਕਰਦਿਆਂ ਕਿਹਾ ਗਿਆ ਕਿ ਸਾਨੂੰ ਮਾਣ ਹੈ ਕਿ ਦਿ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਸੋਢੀ ਨੂੰ ਚੁਣਿਆ ਗਿਆ ਹੈ। ਗੁਰਮੀਤ ਸਿੰਘ ਸੋਢੀ ਜੋਕਿ ਇਕ ਉੱਘੇ ਖਿਡਾਰੀ ਵੀ ਹਨ ਨੇ ਰਾਈਫਲ ਸ਼ੂਟਿੰਗ ਖੇਡਾਂ ਵਿਚ ਵਿਸ਼ਵ ਪੱਧਰ ’ਤੇ ਨਾਮ ਖੱਟਿਆ ਹੈ। ਏਸ਼ੀਆਈ ਖੇਡਾਂ ਅਤੇ ਅੰਤਰ-ਰਾਸ਼ਟਰੀ ਖੇਡਾਂ ਵਿਚ ਭਾਰਤ ਦੀ ਮੇਜ਼ਬਾਨੀ ਤੋਂ ਇਲਾਵਾ ਕਾਮਨਵੈਲਥ ਗੇਮਜ਼ ਆਰਗੇਨਾਈਜ਼ੇਸ਼ਨ ਕਮੇਟੀ ਮੈਂਬਰ, ਕਾਮਨਵੈਲਥ ਅਡਵਾਈਜ਼ਰੀ ਬੋਰਡ ਮੈਂਬਰ, ਅਗਜ਼ੈਕਟਿਵ ਮੈਂਬਰ ਓਲੰਪਿਕ ਐਸੋਸੀਏਸ਼ਨ ਆਫ਼ ਇੰਡੀਆ ਤੋਂ ਇਲਾਵਾ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਖੇਡ ਖੇਤਰ ਵਿਚ ਪ੍ਰਾਪਤੀ ਬਦਲੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਪ੍ਰਾਪਤ ਹੋਇਆ ਹੈ। ਇਹ ਚਾਰ ਵਾਰ ਗੁਰੂ ਹਰਸਹਾਇ ਤੋਂ ਐੱਮਐੱਲਏ ਵੀ ਰਹਿ ਚੁੱਕੇ ਹਨ। ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵੱਲੋਂ ਸਿਰੋਪਾਓ ਬਖ਼ਸ਼ਿਸ਼ ਕਰਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦਿ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਪੀ ਗਈ। ਇਸ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਗਈ ਨੌਂਵੀ ਸੀਨੀਅਰ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਸ਼ਿਰਕਤ ਕਰਨ ਸਮੇਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਜੰਗਜੂ ਕਲਾ ਗੱਤਕਾ ਨੂੰ ਵਿਸ਼ਵ ਪੱਧਰ ’ਤੇ ਖੇਡ ਵਜੋਂ ਉਭਾਰਨ ਲਈ ਹੋਰ ਯਤਨ ਕੀਤੇ ਜਾਣਗੇ ਅਤੇ ਦਿ ਵਰਲਡ ਗੱਤਕਾ ਫੈਡਰੇਸ਼ਨ ਦਾ ਮਕਸਦ ਗੱਤਕਾ ਖੇਡ ਨੂੰ ਵਿਸ਼ਵ ਪੱਧਰ ਖੇਡਾਂ ਵਿਚ ਸ਼ਾਮਲ ਕਰਵਾਉਣਾ ਹੈ। ਇਸ ਦੌਰਾਨ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦਿ ਵਰਲਡ ਗੱਤਕਾ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਕੰਮ ਕਰ ਰਹੀ ਹੈ। ਰਾਣਾ ਗੁਰਮੀਤ ਸਿੰਘ ਸੋਢੀ ਦੀ ਨਿਯੁਕਤੀ ਨਾਲ ਹੁਣ ਗੱਤਕਾ ਖੇਡ ਦੇ ਵਿਸ਼ਵ ਪੱਧਰ ’ਤੇ ਪ੍ਰਚਾਰ ਅਤੇ ਪ੍ਰਸਾਰ ਲਈ ਨਵੀਂ ਦਿਸ਼ਾ ਅਤੇ ਬਲ ਮਿਲੇਗਾ। ਇਸ ਦੌਰਾਨ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਬਾਬਾ ਡਾ. ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਵਾਈਸ ਪ੍ਰਧਾਨ ਅਰਸ਼ਦ ਡਾਲੀ, ਅਕਵਿੰਦਰ ਸਿੰਘ ਗੋਸਲ, ਜਸਵਿੰਦਰ ਸਿੰਘ ਪਾਬਲਾ, ਜਗਕਿਰਨ ਕੌਰ ਵੜੈਚ, ਦਵਿੰਦਰ ਸਿੰਘ ਜੁਗਨੀ, ਰਘਬੀਰ ਸਿੰਘ ਡੇਹਲੌ ਤੋਂ ਇਲਾਵਾ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ।