ਰਾਜਪੁਰਾ ਨਹਿਰ ਹਾਦਸਾ : ਮਾਸੂਮ ਬੱਚਿਆਂ ਦਾ ਪਾਇਆ ਗਿਆ ਭੋਗ, ਵਿਧਾਇਕ ਕੁਲਵੰਤ ਸਿੰਘ ਵੱਲੋਂ ਪੀੜਤ ਪਰਿਵਾਰ ਨੂੰ 50 ਹਜ਼ਾਰ ਦੀ ਮਾਲੀ ਮਦਦ
ਰਾਜਪੁਰਾ ਨਹਿਰ ਹਾਦਸਾ : ਮਾਸੂਮ ਬੱਚਿਆਂ ਦਾ ਪਾਇਆ ਗਿਆ ਭੋਗ ;
Publish Date: Sun, 07 Jun 2026 10:01 PM (IST)
Updated Date: Sun, 07 Jun 2026 10:02 PM (IST)

ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਰਾਜਪੁਰਾ ਦੇ ਨੇੜੇ ਭਾਖੜਾ ਨਹਿਰ ਵਿਚ ਮਾਂ-ਪਿਓ ਵੱਲੋਂ ਸੁੱਟੇ ਗਏ ਮਾਸੂਮ ਬੱਚਿਆਂ ਦੀ ਐਤਵਾਰ ਨੂੰ ਅੰਤਿਮ ਅਰਦਾਸ ਅਤੇ ਭੋਗ ਪਿੰਡ ਮੌਜਪੁਰ ਵਿਖੇ ਪਾਇਆ ਗਿਆ। ਇਹ ਧਾਰਮਿਕ ਰਸਮਾਂ ਮਾਸੂਮਾਂ ਦੇ ਦਾਦਾ-ਦਾਦੀ ਅਤੇ ਹੋਰਨਾਂ ਰਿਸ਼ਤੇਦਾਰਾਂ ਵੱਲੋਂ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। ਇਸ ਦੁਖਦਾਈ ਘੜੀ ਵਿਚ ਪੂਰਾ ਇਲਾਕਾ ਸੋਗ ਵਿਚ ਡੁੱਬਿਆ ਨਜ਼ਰ ਆਇਆ ਅਤੇ ਹਰ ਅੱਖ ਨਮ ਸੀ। ਵਿਧਾਇਕ ਵੱਲੋਂ ਆਰਥਿਕ ਸਹਾਇਤਾ ਅਤੇ ਹਮਦਰਦੀ : ਇਸ ਬੇਹੱਦ ਮੰਦਭਾਗੀ ਅਤੇ ਦਿਲ-ਕੰਬਾਊ ਘਟਨਾ ਦੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨੂੰ ਮੌਕੇ ਤੇ ਹੀ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਮਾਲੀ ਮਦਦ ਕੀਤੀ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜ੍ਹੇ ਹਨ। ਲਗਾਤਾਰ ਧਰਨੇ ਤੋਂ ਬਾਅਦ ਹੋਈ ਸੀ ਮਾਂ-ਪਿਓ ਦੀ ਗ੍ਰਿਫ਼ਤਾਰੀ : ਜ਼ਿਕਰਯੋਗ ਹੈ ਕਿ ਆਪਣੇ ਹੀ ਜਿਗਰ ਦੇ ਟੁਕੜਿਆਂ ਨੂੰ ਨਹਿਰ ਵਿਚ ਸੁੱਟਣ ਵਾਲੇ ਕਲਯੁਗੀ ਮਾਂ ਅਤੇ ਪਿਓ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪਰਿਵਾਰ ਨੂੰ ਸੜਕਾਂ ਤੇ ਉਤਰਨਾ ਪਿਆ ਸੀ। ਦਾਦਾ-ਦਾਦੀ ਅਤੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਤਿੰਨ ਦਿਨ ਤੱਕ ਲਾਂਡਰਾਂ-ਖਰੜ ਹਾਈਵੇ ਤੇ ਜ਼ੋਰਦਾਰ ਧਰਨਾ ਦਿੱਤਾ ਗਿਆ ਸੀ। ਇਸ ਲਗਾਤਾਰ ਪ੍ਰਦਰਸ਼ਨ ਅਤੇ ਜਨਤਾ ਦੇ ਰੋਸ ਤੋਂ ਬਾਅਦ ਹੀ ਪੁਲਿਸ ਹਰਕਤ ਵਿਚ ਆਈ ਅਤੇ ਦੋਵਾਂ ਮੁਲਜ਼ਮਾਂ ਮਾਂ-ਪਿਓ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਇਸ ਵੇਲੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ। ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ : ਬੱਚਿਆਂ ਨਮਿਤ ਰੱਖੇ ਗਏ ਇਸ ਭੋਗ ਸਮਾਗਮ ਵਿਚ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਆਮ ਆਦਮੀ ਪਾਰਟੀ ਦੇ ਵਲੰਟੀਅਰ ਅਕਵਿੰਦਰ ਸਿੰਘ ਗੋਸਲ, ਸਮਾਜ ਸੇਵੀ ਬਲਜਿੰਦਰ ਸਿੰਘ ਭਾਗੋ ਮਾਜਰਾ, ਲੈਬਰਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਮੋਹਨ ਸਿੰਘ ਬਠਲਾਣਾ ਅਤੇ ਅਵਤਾਰ ਸਿੰਘ ਮੌਲੀ ਬੈਦਵਾਣ ਪ੍ਰਮੁੱਖ ਸਨ। ਇਸ ਤੋਂ ਇਲਾਵਾ ਰਾਏਪੁਰ ਕਲਾਂ ਦੇ ਸਰਪੰਚ ਲਖਵੀਰ ਸਿੰਘ, ਚੰਡਿਆਲਾ ਦੇ ਸਰਪੰਚ ਬਲਬੀਰ ਸਿੰਘ ਅਤੇ ਪਿੰਡ ਮੌਜਪੁਰ ਦੀ ਸਰਪੰਚ ਸੰਦੀਪ ਕੌਰ ਵੀ ਮੌਜ਼ੂ ਸਨ। ਸਾਰਿਆਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਮਾਸੂਮਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।