ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਨੂੰ ਮਿਲ ਰਿਹਾ ਨਵਾਂ ਰੂਪ : ਵਿਧਾਇਕ ਰੰਧਾਵਾ
ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਨੂੰ ਮਿਲ ਰਿਹਾ ਨਵਾਂ ਰੂਪ : ਵਿਧਾਇਕ ਰੰਧਾਵਾ, ਜ਼ਮੀਨੀ ਪੱਧਰ ’ਤੇ ਹੋ ਰਿਹਾ ਵਿਕਾਸ
Publish Date: Sun, 04 Jan 2026 05:44 PM (IST)
Updated Date: Sun, 04 Jan 2026 05:47 PM (IST)
- ਜ਼ਮੀਨੀ ਪੱਧਰ ’ਤੇ ਹੋ ਰਿਹਾ ਵਿਕਾਸ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਭਰ ਦੇ ਪਿੰਡਾਂ ਦੀਆਂ ਸੜਕਾਂ ਨੂੰ ਮਜ਼ਬੂਤ, ਟਿਕਾਊ ਅਤੇ ਸੁਚੱਜੇ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦਾ ਲਾਭ ਮਿਲ ਸਕੇ। ਜਿੱਥੇ ਪਿਛਲੀਆਂ ਸਰਕਾਰਾਂ ਨੇ ਸੜਕਾਂ ਸਿਰਫ਼ ਕਾਗ਼ਜ਼ਾਂ ਵਿਚ ਬਣਾਈਆਂ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਪਿੰਡ-ਪਿੰਡ ਵਿਕਾਸ ਜ਼ਮੀਨੀ ਪੱਧਰ ’ਤੇ ਨਜ਼ਰ ਆ ਰਿਹਾ ਹੈ। ਨਵੀਆਂ ਸੜਕਾਂ ਨਾਲ ਨਾ ਸਿਰਫ਼ ਆਵਾਜਾਈ ਸੁਚੱਜੀ ਹੋਈ ਹੈ, ਸਗੋਂ ਪਿੰਡਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੀ ਹੈ। ਇਸੇ ਲੜੀ ਤਹਿਤ ਡੇਰਾਬੱਸੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਪਿੰਡ ਈਸਾਪੁਰ ਜੰਗੀ ਵਿਖੇ ਗਰਾਮ ਪੰਚਾਇਤ ਵੱਲੋਂ ਨਵੀਂ ਸੜਕ ਬਣਨ ਦੀ ਖੁਸ਼ੀ ਵਿਚ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਮਾਣ-ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਆਪਣੇ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਅਤੇ ਜਨਹਿੱਤ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਨੈਤਿਕ ਅਤੇ ਲੋਕਤੰਤਰਿਕ ਫ਼ਰਜ਼ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਜੋ ਵੀ ਸਰਕਾਰੀ ਯੋਜਨਾਵਾਂ ਹਨ, ਉਹ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਪਿੰਡ ਅਤੇ ਹਰ ਵਰਗ ਤਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ’ਤੇ ਤਿੱਖਾ ਤੰਜ਼ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਵਾਅਦੇ ਕਰਦੀਆਂ ਰਹੀਆਂ, ਪਰ ਉਹ ਵਾਅਦੇ ਕਦੇ ਪੂਰੇ ਨਹੀਂ ਹੋਏ। ਅੱਜ ਆਮ ਆਦਮੀ ਪਾਰਟੀ ਉਹੀ ਅਧੂਰੇ ਛੱਡੇ ਵਾਅਦੇ ਪੂਰੇ ਕਰ ਰਹੀ ਹੈ। ਵਿਧਾਇਕ ਨੇ ਕਿਹਾ ਕਿ ਜੋ ਵਾਅਦੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਸਨ, ਅਸੀਂ ਉਨ੍ਹਾਂ ’ਤੇ ਪੂਰੀ ਤਰ੍ਹਾਂ ਖਰੇ ਉਤਰ ਰਹੇ ਹਾਂ। ਲੋਕਾਂ ਦਾ ਵਧਦਾ ਪਿਆਰ ਅਤੇ ਭਰੋਸਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਸਰਕਾਰ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਪਿੰਡ ਈਸਾਪੁਰ ਜੰਗੀ ਦੇ ਵਸਨੀਕਾਂ ਅਤੇ ਗਰਾਮ ਪੰਚਾਇਤ ਮੈਂਬਰਾਂ ਨੇ ਨਵੀਂ ਸੜਕ ਬਣਨ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਪਿੰਡ ਦੀ ਆਵਾਜਾਈ ਸੁਚੱਜੀ ਹੋਵੇਗੀ, ਬੱਚਿਆਂ, ਕਿਸਾਨਾਂ ਅਤੇ ਬਜ਼ੁਰਗਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਪਿੰਡ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਪ੍ਰਾਪਤ ਹੋਵੇਗੀ।