ਸੰਭਾਲੀ ਜਾਵੇਗੀ ਪੰਜਾਬ ਦੀ ਕੁਦਰਤੀ ਵਿਰਾਸਤ, ਤਿਆਰ ਹੋ ਰਹੀ ਹੈ ‘ਐਕਸ-ਸਿਟੂ ਰਿਪੋਕਿਜ਼ਟਰੀ’, 20 ਏਕੜ ’ਚ ਲਾਏ 25 ਹਜ਼ਾਰ ਬੂਟੇ
ਸੰਭਾਲੀ ਜਾਵੇਗੀ ਪੰਜਾਬ ਦੀ ਕੁਦਰਤੀ ਵਿਰਾਸਤ, ਤਿਆਰ ਹੋ ਰਹੀ ਹੈ 'ਐਕਸ-ਸਿਟੂ ਰਿਪੋਕਿਜ਼ਟਰੀ'
Publish Date: Mon, 09 Mar 2026 09:22 PM (IST)
Updated Date: Mon, 09 Mar 2026 09:24 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਵਾਤਾਵਰਣ ਦੀ ਸੰਭਾਲ ਅਤੇ ਜੈਵ-ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੀ ਦਿਸ਼ਾ ਵਿਚ ਇਕ ਅਹਿਮ ਪਹਿਲਕਦਮੀ ਕਰਦਿਆਂ ਜ਼ੀਰਕਪੁਰ ਦੇ ਗਾਜ਼ੀਪੁਰ ਅਰਬਨ ਫਾਰੈਸਟ ਵਿਚ ਪੰਜਾਬ ਦੀਆਂ ਲਗਭਗ 50 ਦੁਰਲੱਭ ਅਤੇ ਅਲੋਪ ਹੋ ਰਹੀਆਂ ਰੁੱਖਾਂ ਦੀਆਂ ਪ੍ਰਜਾਤੀਆਂ ਦੇ ਸਰੰਖਣ ਲਈ ਇਕ ਵਿਸ਼ੇਸ਼ ‘ਐਕਸ-ਸਿਟੂ ਰਿਪੋਜ਼ਟਿਰੀ’ ਤਿਆਰ ਕੀਤੀ ਜਾ ਰਹੀ ਹੈ। ਇਹ ਪ੍ਰਾਜੈਕਟ ਭਵਿੱਖ ਵਿਚ ਦੇਸ਼ ਭਰ ਦੇ ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਵਾਤਾਵਰਣ ਪ੍ਰੇਮੀਆਂ ਲਈ ਇਕ ਮਹੱਤਵਪੂਰਨ ਅਧਿਐਨ ਅਤੇ ਖੋਜ ਕੇਂਦਰ ਵਜੋਂ ਵਿਕਸਤ ਹੋਵੇਗਾ।
20 ਏਕੜ ’ਚ ਲਹਿਰਾਏਗੀ ਹਰਿਆਵਲ : ਇਸ ਪ੍ਰਾਜੈਕਟ ਤਹਿਤ ਹੁਣ ਤੱਕ ਗਾਜ਼ੀਪੁਰ ਅਰਬਨ ਫਾਰੈਸਟ ਦੇ ਲਗਭਗ 20 ਏਕੜ ਖੇਤਰ ਵਿਚ 25 ਹਜ਼ਾਰ ਤੋਂ ਵੱਧ ਬੂਟੇ ਲਾਏ ਜਾ ਚੁੱਕੇ ਹਨ। ਇਨ੍ਹਾਂ ਵਿਚ ਕਈ ਅਜਿਹੀਆਂ ਪ੍ਰਜਾਤੀਆਂ ਸ਼ਾਮਲ ਹਨ, ਜੋ ਪੰਜਾਬ ਦੇ ਕੁਦਰਤੀ ਜੰਗਲੀ ਖੇਤਰਾਂ ਵਿਚ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ। ਵਣ ਵਿਭਾਗ ਅਤੇ ਵਾਤਾਵਰਣ ਮਾਹਰਾਂ ਦਾ ਮੰਨਣਾ ਹੈ ਕਿ ਇਸ ਪਹਿਲਕਦਮੀ ਨਾਲ ਇਨ੍ਹਾਂ ਪ੍ਰਜਾਤੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਸਕੇਗਾ।
ਕੀ ਹੈ ‘ਐਕਸ-ਸਿਟੂ ਰਿਪੋਜ਼ਟਿਰੀ’ ਦਾ ਉਦੇਸ਼ : ਅਧਿਕਾਰੀਆਂ ਅਨੁਸਾਰ ਇਸ ਦਾ ਮੁੱਖ ਮਕਸਦ ਉਨ੍ਹਾਂ ਰੁੱਖਾਂ ਨੂੰ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਤੋਂ ਦੂਰ ਇਕ ਸੁਰੱਖਿਅਤ ਥਾਂ |ਤੇ ਸੰਭਾਲਣਾ ਹੈ, ਜਿਨ੍ਹਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇੱਥੇ ਵਿਗਿਆਨਕ ਤਰੀਕੇ ਨਾਲ ਬੂਟੇ ਲਗਾ ਕੇ ਉਨ੍ਹਾਂ ’ਤੇ ਖੋਜ ਕਾਰਜ ਕੀਤੇ ਜਾਣਗੇ। ਇਸ ਵਿਚ ਪੰਜਾਬ ਦੀਆਂ ਰਵਾਇਤੀ ਪ੍ਰਜਾਤੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜੋ ਸ਼ਹਿਰੀਕਰਨ ਅਤੇ ਜਲਵਾਯੂ ਪਰਿਵਰਤਨ ਦੀ ਭੇਟ ਚੜ੍ਹ ਰਹੀਆਂ ਹਨ। ਸਾਂਝੀਆਂ ਕੋਸ਼ਿਸ਼ਾਂ ਨਾਲ ਸਿਰਜਿਆ ਜਾ ਰਿਹਾ ‘ਗਰੀਨ ਲੰਗਸ’ ਤੇ ਇਸ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਵਿਚ ਕਈ ਸੰਸਥਾਵਾਂ ਸਾਂਝੇ ਤੌਰ ’ਤੇ ਕੰਮ ਕਰ ਰਹੀਆਂ ਹਨ।
ਖੋਜ ਅਤੇ ਸਿੱਖਿਆ ਦਾ ਬਣੇਗਾ ਕੇਂਦਰ : ਮਾਹਰਾਂ ਦਾ ਕਹਿਣਾ ਹੈ ਕਿ ਗਾਜ਼ੀਪੁਰ ਅਰਬਨ ਫਾਰੈਸਟ ਸ਼ਹਿਰ ਲਈ ‘ਗਰੀਨ ਲੰਗਸ’ (ਹਰੇ ਫੇਫੜੇ) ਵਜੋਂ ਕੰਮ ਕਰੇਗਾ। ਇੱਥੇ ਨਾ ਸਿਰਫ਼ ਪ੍ਰਦੂਸ਼ਣ ਘਟੇਗਾ, ਸਗੋਂ ਜੰਗਲੀ ਜੀਵਾਂ ਅਤੇ ਪੰਛੀਆਂ ਨੂੰ ਵੀ ਬਸੇਰਾ ਮਿਲੇਗਾ। ਭਵਿੱਖ ਵਿਚ ਇਸ ਨੂੰ ਇਕ ‘ਨੇਚਰ ਐਜੂਕੇਸ਼ਨ ਹੱਬ’ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ, ਜਿੱਥੇ ਕੁਦਰਤ ਨਾਲ ਜੁੜੇ ਜਾਗਰੂਕਤਾ ਪ੍ਰੋਗਰਾਮ ਅਤੇ ਖੋਜ ਪ੍ਰਾਜੈਕਟ ਚਲਾਏ ਜਾਣਗੇ। ਸਥਾਨਕ ਲੋਕਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਕੁਦਰਤ ਨਾਲ ਜੁੜਨ ਦਾ ਮੌਕਾ ਮਿਲੇਗਾ।