ਸੂਬਾ ਸਰਕਾਰ ਵੱਲੋਂ ਓਟੀਐੱਸ ਸਕੀਮ ਦੀ ਮਿਆਦ ਵਧਾਉਣਾ ਸ਼ਲਾਘਾਯੋਗ : ਠਾਕੁਰ
ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਵੱਲੋਂ ਵਨ-ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਵਧਾਉਣ ਲਈ ਧੰਨਵਾਦ
Publish Date: Sat, 03 Jan 2026 06:19 PM (IST)
Updated Date: Sun, 04 Jan 2026 04:11 AM (IST)

ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਨੇ ਮੁੱਖ ਮੰਤਰੀ ਤੇ ਵਿੱਤ ਚੀਮਾ ਦਾ ਕੀਤਾ ਧੰਨਵਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਵਪਾਰੀ ਤੇ ਕਾਰੋਬਾਰੀ ਭਾਈਚਾਰੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਨ-ਟਾਈਮ ਸੈਟਲਮੈਂਟ (ਓਟੀਐੱਸ) ਸਕੀਮ-2025 ਨੂੰ 31 ਮਾਰਚ 2026 ਤੱਕ ਵਧਾਉਣ ਦੇ ਫ਼ੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ ਤੇ ਇਸਨੂੰ ਇਕ ਬਹੁਤ ਹੀ ਪ੍ਰਗਤੀਸ਼ੀਲ ਅਤੇ ਵਪਾਰੀ-ਹਿਤੈਸ਼ੀ ਕਦਮ ਕਰਾਰ ਦਿੱਤਾ ਹੈ। ਸੂਬੇ ਭਰ ਦੇ ਵਪਾਰੀਆਂ ਦੀ ਤਰਫ਼ੋਂ ਧੰਨਵਾਦ ਪ੍ਰਗਟ ਕਰਦਿਆਂ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਪਾਰੀ ਭਾਈਚਾਰੇ ਨਾਲ ਜੁੜੇ ਲੰਮੇ ਸਮੇਂ ਤੋਂ ਲਟਕੇ ਟੈਕਸ ਸਬੰਧੀ ਮਾਮਲਿਆਂ ਨੂੰ ਸੁਲਝਾਉਣ ਲਈ ਸੰਵੇਦਨਸ਼ੀਲ ਅਤੇ ਵਿਵਹਾਰਿਕ ਦ੍ਰਿਸ਼ਟੀਕੋਣ ਅਪਣਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਪਾਰੀ ਭਾਈਚਾਰੇ ਦੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਈ ਗਈ ਸੀ, ਤਾਂ ਜੋ ਵੱਧ ਤੋਂ ਵੱਧ ਵਪਾਰੀ ਵਰਗ ਇਸ ਦਾ ਲਾਭ ਲੈ ਸਕੇ। ਅਨਿਲ ਠਾਕੁਰ ਨੇ ਕਿਹਾ ਕਿ ਓਟੀਐੱਸ ਸਕੀਮ ਦੀ ਮਿਆਦ ਵਧਾਉਣਾ ਸੂਬਾ ਸਰਕਾਰ ਦੀ ਉਸ ਡੂੰਘੀ ਸਮਝ ਨੂੰ ਦਰਸਾਉਂਦਾ ਹੈ, ਜਿਸ ਤਹਿਤ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਖ਼ਾਸ ਕਰਕੇ ਸਾਲ ਦੀ ਆਖ਼ਰੀ ਤਿਮਾਹੀ ਦੌਰਾਨ ਭਾਰੀ ਪਾਲਣਾ (ਕੰਪਲਾਇੰਸ) ਬੋਝ ਤੇ ਪ੍ਰਕਿਰਿਆਤਮਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਜੀਐੱਸਟੀ ਤੋਂ ਪਹਿਲਾਂ ਦੇ ਕਾਨੂੰਨਾਂ, ਜਿਵੇਂ ਕਿ ਵੈਟ ਅਤੇ ਕੇਂਦਰੀ ਵਿਕਰੀ ਕਰ (ਸੀਐੱਸਟੀ) ਨਾਲ ਜੁੜੇ ਪੁਰਾਣੇ ਵਿਵਾਦਾਂ ਦਾ ਸਾਹਮਣਾ ਕਰ ਰਹੇ ਵਪਾਰਾਂ ਲਈ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ। ਠਾਕੁਰ ਨੇ ਕਿਹਾ ਕਿ ਓਟੀਐੱਸ ਸਕੀਮ ਨੂੰ 31 ਮਾਰਚ 2026 ਤੱਕ ਵਧਾਉਣ ਦਾ ਫ਼ੈਸਲਾ ਪੰਜਾਬ ਸਰਕਾਰ ਦੀ ਵਪਾਰ-ਹਿਤੈਸ਼ੀ ਮਾਹੌਲ ਬਣਾਉਣ ਅਤੇ ਸਵੈ-ਇੱਛਕ ਪਾਲਣਾ ਨੂੰ ਉਤਸ਼ਾਹਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵਿਆਜ, ਜੁਰਮਾਨਿਆਂ ਤੇ ਯੋਗ ਟੈਕਸ ਰਕਮ ’ਤੇ ਦਿੱਤੀਆਂ ਗਈਆਂ ਵੱਡੀਆਂ ਛੂਟਾਂ ਨਾਲ ਵਪਾਰੀਆਂ ਵਿਚ ਭਰੋਸਾ ਵਧਿਆ ਹੈ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਬਕਾਇਆ ਮਾਮਲੇ ਨਿਪਟਾਉਣ ਲਈ ਅੱਗੇ ਆਉਣ ਦੀ ਪ੍ਰੇਰਣਾ ਮਿਲੀ ਹੈ। ਚੇਅਰਮੈਨ ਨੇ ਅੱਗੇ ਕਿਹਾ ਕਿ ਸਕੀਮ ਅਧੀਨ ਮਿਲੀਆਂ ਅਰਜ਼ੀਆਂ ਦੀ ਵੱਡੀ ਗਿਣਤੀ ਮੌਜੂਦਾ ਸਰਕਾਰ ਦੀਆਂ ਨੀਤੀਆਂ ’ਤੇ ਵਪਾਰੀ ਭਾਈਚਾਰੇ ਦੇ ਭਰੋਸੇ ਨੂੰ ਸਪਸ਼ਟ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿਆਦ ਵਧਣ ਨਾਲ ਬਾਕੀ ਯੋਗ ਵਪਾਰੀ ਆਪਣੇ ਟੈਕਸ ਬਕਾਇਆ ਦੀ ਢੁੱਕਵੀਂ ਸਮੀਖਿਆ ਕਰ ਸਕਣਗੇ ਅਤੇ ਬਿਨਾਂ ਕਿਸੇ ਬੇਵਜ੍ਹਾ ਦਬਾਅ ਦੇ ਇਸ ਇਕਮੁਸ਼ਤ ਮੌਕੇ ਦਾ ਲਾਭ ਉਠਾ ਸਕਣਗੇ। ਅਨਿਲ ਠਾਕੁਰ ਨੇ ਪੰਜਾਬ ਦੇ ਸਾਰੇ ਵਪਾਰੀਆਂ, ਉਦਯੋਗਪਤੀਆਂ ਅਤੇ ਚਾਵਲ ਮਿੱਲ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਧਾਈ ਗਈ ਮਿਆਦ ਦਾ ਸਮਝਦਾਰੀ ਅਤੇ ਸਦਭਾਵਨਾ ਨਾਲ ਲਾਭ ਉਠਾਉਣ ਅਤੇ ਨਿਰਧਾਰਤ ਸਮੇਂ ਅੰਦਰ ਓਟੀਐੱਸ ਸਕੀਮ ਅਧੀਨ ਸ਼ਾਮਲ ਹੋਣ। ਉਨ੍ਹਾਂ ਨੇ ਕਿਹਾ ਕਿ ਇਹ ਬਕਾਇਆ ਰਕਮਾਂ ਨਿਪਟਾਉਣ, ਭਵਿੱਖੀ ਮੁਕੱਦਮੇਬਾਜ਼ੀ ਤੋਂ ਬਚਣ ਅਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਸਾਫ਼ ਤੇ ਸਪੱਸ਼ਟ ਵਹੀ ਨਾਲ ਕਰਨ ਦਾ ਸੁਨਹਿਰੀ ਮੌਕਾ ਹੈ। ਵਪਾਰੀ ਭਾਈਚਾਰੇ ਨੂੰ ਸਰਕਾਰ ਦੀ ਹਾ-ਪੱਖੀ ਨੀਤੀ ਨੂੰ ਸਮੇਂ ਸਿਰ ਭਾਗੀਦਾਰੀ ਅਤੇ ਪਾਲਣਾ ਲਈ ਅਪਣਾਉਣਾ ਚਾਹੀਦਾ ਹੈ। ਸ਼੍ਰੀ ਠਾਕੁਰ ਨੇ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਵਪਾਰੀਆਂ ਪ੍ਰਤੀ ਪੂਰੇ ਸਮਰਥਨ ਨੂੰ ਦੁਹਰਾਉਂਦਿਆਂ ਕਿਹਾ ਕਿ ਕਮਿਸ਼ਨ ਸਕੀਮ ਬਾਰੇ ਜਾਗਰੂਕਤਾ ਫ਼ੈਲਾਉਣ ਅਤੇ ਇਸ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਦੇਵੇਗਾ।