ਵਨ-ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਵਧਾਉਣ ਲਈ ਕੀਤਾ ਧੰਨਵਾਦ
ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਵੱਲੋਂ ਵਨ-ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਵਧਾਉਣ ਲਈ ਧੰਨਵਾਦ
Publish Date: Fri, 02 Jan 2026 07:46 PM (IST)
Updated Date: Fri, 02 Jan 2026 07:47 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ ਭਾਈਚਾਰੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਨ-ਟਾਈਮ ਸੈਟਲਮੈਂਟ (ਓਟੀਐੱਸ) ਸਕੀਮ-2025 ਨੂੰ 31 ਮਾਰਚ 2026 ਤੱਕ ਵਧਾਉਣ ਦੇ ਫ਼ੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ ਅਤੇ ਇਸਨੂੰ ਇਕ ਬਹੁਤ ਹੀ ਪ੍ਰਗਤੀਸ਼ੀਲ ਅਤੇ ਵਪਾਰੀ-ਹਿਤੈਸ਼ੀ ਕਦਮ ਕਰਾਰ ਦਿੱਤਾ ਹੈ। ਸੂਬੇ ਭਰ ਦੇ ਵਪਾਰੀਆਂ ਦੀ ਤਰਫ਼ੋਂ ਧੰਨਵਾਦ ਪ੍ਰਗਟ ਕਰਦਿਆਂ, ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਪਾਰੀ ਭਾਈਚਾਰੇ ਨਾਲ ਜੁੜੇ ਲੰਮੇ ਸਮੇਂ ਤੋਂ ਲਟਕੇ ਟੈਕਸ ਸਬੰਧੀ ਮਾਮਲਿਆਂ ਨੂੰ ਸੁਲਝਾਉਣ ਲਈ ਸੰਵੇਦਨਸ਼ੀਲ ਅਤੇ ਵਿਆਵਹਾਰਿਕ ਦ੍ਰਿਸ਼ਟੀਕੋਣ ਅਪਣਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਪਾਰੀ ਭਾਈਚਾਰੇ ਦੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਈ ਗਈ ਸੀ ਤਾਂ ਜੋ ਵੱਧ ਤੋਂ ਵੱਧ ਵਪਾਰੀ ਵਰਗ ਇਸ ਦਾ ਲਾਭ ਲੈ ਸਕੇ। ਅਨਿਲ ਠਾਕੁਰ ਨੇ ਕਿਹਾ ਕਿ ਓਟੀਐੱਸ ਸਕੀਮ ਦੀ ਮਿਆਦ ਵਧਾਉਣਾ ਸੂਬਾ ਸਰਕਾਰ ਦੀ ਉਸ ਡੂੰਘੀ ਸਮਝ ਨੂੰ ਦਰਸਾਉਂਦਾ ਹੈ, ਜਿਸ ਤਹਿਤ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਖ਼ਾਸ ਕਰਕੇ ਸਾਲ ਦੀ ਆਖ਼ਰੀ ਤਿਮਾਹੀ ਦੌਰਾਨ ਭਾਰੀ ਪਾਲਣਾ (ਕੰਪਲਾਇੰਸ) ਬੋਝ ਅਤੇ ਪ੍ਰਕਿਰਿਆਤਮਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਜੀਐੱਸਟੀ ਤੋਂ ਪਹਿਲਾਂ ਦੇ ਕਾਨੂੰਨਾਂ, ਜਿਵੇਂ ਕਿ ਵੈਟ ਅਤੇ ਕੇਂਦਰੀ ਵਿਕਰੀ ਕਰ (ਸੀਐੱਸਟੀ) ਨਾਲ ਜੁੜੇ ਪੁਰਾਣੇ ਵਿਵਾਦਾਂ ਦਾ ਸਾਹਮਣਾ ਕਰ ਰਹੇ ਵਪਾਰਾਂ ਲਈ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ। ਠਾਕੁਰ ਨੇ ਕਿਹਾ, “ਓਟੀਐੱਸ ਸਕੀਮ ਨੂੰ 31 ਮਾਰਚ 2026 ਤੱਕ ਵਧਾਉਣ ਦਾ ਫ਼ੈਸਲਾ ਪੰਜਾਬ ਸਰਕਾਰ ਦੀ ਵਪਾਰ-ਹਿਤੈਸ਼ੀ ਮਾਹੌਲ ਬਣਾਉਣ ਅਤੇ ਸਵੈ-ਇੱਛਕ ਪਾਲਣਾ ਨੂੰ ਉਤਸ਼ਾਹਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਨਿਲ ਠਾਕੁਰ ਨੇ ਪੰਜਾਬ ਦੇ ਸਾਰੇ ਵਪਾਰੀਆਂ, ਉਦਯੋਗਪਤੀਆਂ ਅਤੇ ਚਾਵਲ ਮਿੱਲ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਧਾਈ ਗਈ ਮਿਆਦ ਦਾ ਸਮਝਦਾਰੀ ਅਤੇ ਸਦਭਾਵਨਾ ਨਾਲ ਲਾਭ ਉਠਾਉਣ ਅਤੇ ਨਿਰਧਾਰਤ ਸਮੇਂ ਅੰਦਰ ਓਟੀਐੱਸ ਸਕੀਮ ਅਧੀਨ ਸ਼ਾਮਲ ਹੋਣ। ਸ਼੍ਰੀ ਠਾਕੁਰ ਨੇ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਵਪਾਰੀਆਂ ਪ੍ਰਤੀ ਪੂਰੇ ਸਮਰਥਨ ਨੂੰ ਦੁਹਰਾਉਂਦਿਆਂ ਕਿਹਾ ਕਿ ਕਮਿਸ਼ਨ ਸਕੀਮ ਬਾਰੇ ਜਾਗਰੂਕਤਾ ਫ਼ੈਲਾਉਣ ਅਤੇ ਇਸ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਦੇਵੇਗਾ।