ਸਕਾਲਰਸ਼ਿਪ ਵੰਡ ’ਚ ਪੰਜਾਬ ਦਾ ਦੇਸ਼ ਭਰ ਵਿਚ ਦੂਜਾ ਸਥਾਨ : ਡਾ. ਬਲਜੀਤ ਕੌਰ
ਸਕਾਲਰਸ਼ਿਪ ਵੰਡ ਵਿਚ ਪੰਜਾਬ ਦਾ ਦੇਸ਼ ਭਰ ਵਿਚ ਦੂਜਾ ਸਥਾਨ : ਡਾ. ਬਲਜੀਤ ਕੌਰ
Publish Date: Wed, 25 Mar 2026 06:28 PM (IST)
Updated Date: Wed, 25 Mar 2026 06:31 PM (IST)

ਮੁਹਾਲੀ ਤੋਂ ਆਈਟੀਆਈ ਟਰੇਨੀਜ਼ ਨੂੰ ਸਵੈ-ਰੁਜ਼ਗਾਰ ਲਈ ਟੂਲ ਕਿੱਟਾਂ ਦੀ ਵੰਡ ਦੀ ਸ਼ੁਰੂਆਤ ; ਸੂਬੇ ਦੇ 1506 ਐੱਸਸੀ ਵਿਦਿਆਰਥੀਆਂ ਨੂੰ ਮਿਲੇਗਾ ਲਾਭ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਐੱਸਸੀ ਅਤੇ ਹੋਰ ਵਰਗਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਸਕਾਲਰਸ਼ਿਪ ਵੰਡ ਵਿਚ ਪੰਜਾਬ ਨੇ ਰਾਸ਼ਟਰੀ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਮੁਹਾਲੀ ਦੇ ਕਲਕਟ ਭਵਨ ਵਿਖੇ ਛੇ ਜ਼ਿਲ੍ਹਿਆਂ ਲਈ ਕਰਵਾਏ ਟੂਲ ਕਿੱਟ ਵੰਡ ਅਤੇ ਐੱਸਸੀ ਵਿਦਿਆਰਥੀਆਂ ਦੀ ਭਲਾਈ ਸਬੰਧੀ ਸਕੀਮਾਂ ਬਾਰੇ ਜਾਗਰੂਕਤਾ ਸਮਾਗਮ ਦੀ ਅਗਵਾਈ ਕਰਦਿਆਂ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਭਗ 10 ਲੱਖ ਵਿਦਿਆਰਥੀਆਂ ਨੇ ਆਪਣੇ ਮਨਪਸੰਦ ਖੇਤਰਾਂ ਵਿਚ ਸਿੱਖਿਆ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਈਟੀਆਈ ਟਰੇਨੀਜ਼ ਨੂੰ ਟੂਲ ਕਿੱਟਾਂ ਦੀ ਵੰਡ “ਮੁਫ਼ਤ ਕਿਤਾਬਾਂ ਅਤੇ ਟੂਲ ਕਿੱਟ ਸਕੀਮ” ਦਾ ਹਿੱਸਾ ਹੈ, ਜੋ ਕਿ ਪੰਜਾਬ ਸਰਕਾਰ ਵੱਲੋਂ 100 ਫ਼ੀਸਦੀ ਫੰਡ ਕੀਤੀ ਗਈ ਹੈ। ਇਸ ਸਕੀਮ ਹੇਠ ਕੁੱਲ 1506 ਆਈਟੀਆਈ ਵਿਦਿਆਰਥੀਆਂ ਨੂੰ ਲਾਭ ਦਿੱਤਾ ਜਾਵੇਗਾ, ਜਿਨ੍ਹਾਂ ਵਿਚੋਂ ਬੁੱਧਵਾਰ ਨੂੰ ਪਹਿਲੇ ਪੜਾਅ ਵਿਚ 630 ਵਿਦਿਆਰਥੀ ਐੱਸਏਐੱਸ ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇ 32 ਸਰਕਾਰੀ ਆਈਟੀਆਈਜ਼ ਤੋਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਟੂਲ ਕਿੱਟਾਂ ਨਵੀਂ ਪੀੜ੍ਹੀ ਵਿਚ ਉਦਮੀਅਤਾ ਨੂੰ ਉਤਸ਼ਾਹਤ ਕਰਨ ਲਈ ਮਹੱਤਵਪੂਰਨ ਸਾਬਤ ਹੋਣਗੀਆਂ ਅਤੇ ਨੌਜਵਾਨਾਂ ਨੂੰ ਖ਼ੁਦਮੁਖ਼ਤਿਆਰ ਬਣਾਉਣ ਵਿਚ ਮਦਦ ਕਰਨਗੀਆਂ। ਮੰਤਰੀ ਨੇ ਦੱਸਿਆ ਕਿ ਪਹਿਲਾਂ ਕੇਵਲ ਦੋ ਜ਼ਿਲ੍ਹੇ ਹੀ ਕੇਂਦਰ ਸਰਕਾਰ ਦੀ ਘੱਟਗਿਣਤੀ ਸਕਾਲਰਸ਼ਿਪ ਸਕੀਮ ਹੇਠ ਸ਼ਾਮਲ ਸਨ, ਪਰ ਹੁਣ ਰਾਜ ਸਰਕਾਰ ਦੇ ਯਤਨਾਂ ਨਾਲ ਇਹ ਸਕੀਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਮਜ਼ੋਰ ਵਰਗਾਂ ਨੂੰ ਜਾਤ-ਪਾਤ ਦੇ ਆਧਾਰ ’ਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਸਿੱਖ ਧਰਮ ਤੇ ਡਾ. ਬੀਆਰ ਅੰਬੇਡਕਰ ਦੀਆਂ ਸਿੱਖਿਆਵਾਂ ਨੇ ਇਸ ਪ੍ਰਥਾ ਨੂੰ ਖ਼ਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਆਰਥਿਕ ਉੱਥਾਨ ਲਈ ਵਚਨਬੱਧ ਹੈ। ਵਿਧਾਇਕ ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਟੂਲ ਕਿੱਟਾਂ ਆਈਟੀਆਈ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਹਾਸਲ ਕਰਨ ਵਿਚ ਮਦਦ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਇਕ ਨੂੰ ਉੱਚ ਮਿਆਰੀ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਵੀਕੇ ਮੀਣਾ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾਇਰੈਕਟਰ ਸ਼੍ਰੀਮਤੀ ਵਿਮੀ ਭੁੱਲਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੀਮ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਏਡੀਸੀ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਮਜ਼ੋਰ ਵਰਗਾਂ ਲਈ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਵਚਨਬੱਧਤਾ ਦੁਹਰਾਈ।