Punjab News : ਪੈਨਸ਼ਨ ਦੀ ਰਾਸ਼ੀ ਪ੍ਰਾਈਵੇਟ ਕੰਪਨੀ ਦੇ ਖਾਤੇ 'ਚ ਪਾਉਣ ਦੇ ਦੋਸ਼ 'ਚ ਬਰਨਾਲਾ 'ਚ ਤਾਇਨਾਤ ਦੋ ਮਹਿਲਾ ਅਫ਼ਸਰ ਮੁਅੱਤਲ
ਸਮਾਜਿਕ ਸੁਰੱਖਿਆ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਅਵਾਸਪ੍ਰੀਤ ਕੌਰ ਤੇ ਬੇਅੰਤ ਕੌਰ ਸੁਪਰਡੰਟ ਗ੍ਰੇਡ-2 ਨੇ ਸਟੇਟ ਫੰਡ ਪੈਨਸ਼ਨ ਸਕੀਮ ਦੇ ਫੰਡ ਸਬੰਧੀ ਅੱਠ ਵੱਖ-ਵੱਖ ਬਿੱਲ,14.65 ਕਰੋੜ ਰੁਪਏ ਸਹੀ ਖ਼ਾਤਿਆ ’ਚ ਪਾਉਣ ਦੀ ਬਜਾਏ ਪ੍ਰਾਈਵੇਟ ਕੰਪਨੀ ਮੈਸਰਜ਼ ਇਨੋਵੇਸ਼ਨ ਪ੍ਰਾਈਵੇਟ ਲਿਮਟਿਡ ਦੇ ਖਾਤੇ ’ਚ ਪਾ ਦਿੱਤੇ।
Publish Date: Tue, 06 Jan 2026 06:51 PM (IST)
Updated Date: Tue, 06 Jan 2026 06:54 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਮਾਜਿਕ ਸੁਰੱਖਿਆ ਵਿਭਾਗ ਦੀਆਂ ਦੋ ਮਹਿਲਾ ਅਧਿਕਾਰੀਆਂ ਵੱਲੋਂ ਪੈਨਸ਼ਨ ਦੀ ਕਰੀਬ 14.65 ਕਰੋੜ ਰੁਪਏ ਦੀ ਰਾਸ਼ੀ ਲੋੜਵੰਦਾਂ ਦੇ ਖਾਤਿਆਂ ’ਚ ਪਾਉਣ ਦੀ ਬਜਾਏ ਇਕ ਪ੍ਰਾਈਵੇਟ ਕੰਪਨੀ ਦੇ ਖਾਤੇ ’ਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਭਾਗੀ ਜਾਂਚ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਦੋਵੇਂ ਅਧਿਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਬਰਨਾਲਾ ਵਿਖੇ ਤਾਇਨਾਤ ਸਨ।
ਸਮਾਜਿਕ ਸੁਰੱਖਿਆ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਅਵਾਸਪ੍ਰੀਤ ਕੌਰ ਤੇ ਬੇਅੰਤ ਕੌਰ ਸੁਪਰਡੰਟ ਗ੍ਰੇਡ-2 ਨੇ ਸਟੇਟ ਫੰਡ ਪੈਨਸ਼ਨ ਸਕੀਮ ਦੇ ਫੰਡ ਸਬੰਧੀ ਅੱਠ ਵੱਖ-ਵੱਖ ਬਿੱਲ,14.65 ਕਰੋੜ ਰੁਪਏ ਸਹੀ ਖ਼ਾਤਿਆ ’ਚ ਪਾਉਣ ਦੀ ਬਜਾਏ ਪ੍ਰਾਈਵੇਟ ਕੰਪਨੀ ਮੈਸਰਜ਼ ਇਨੋਵੇਸ਼ਨ ਪ੍ਰਾਈਵੇਟ ਲਿਮਟਿਡ ਦੇ ਖਾਤੇ ’ਚ ਪਾ ਦਿੱਤੇ। ਜੋ ਕਿ ਘੋਰ ਲਾਪਰਵਾਹੀ, ਅਣਗਹਿਲੀ ਤੇ ਅਨੁਸਾਸ਼ਨਹੀਣਤਾ ਹੈ।
ਇਸ ਤਰ੍ਹਾਂ ਉਕਤ ਅਧਿਕਾਰੀ ਨੇ ਸਰਕਾਰ ਦਾ ਵਿਸ਼ਵਾਸ਼ ਭੰਗ ਕੀਤਾ ਹੈ। ਇਸ ਕਰਕੇ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਤਹਿਤ ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕੀਤਾ ਜਾਂਦਾ ਹੈ। ਮੁਅਤਲੀ ਦੌਰਾਨ ਇਹਨਾਂ ਦਾ ਦਫ਼ਤਰ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਭਲਾਈ ਚੰਡੀਗੜ੍ਹ ਹੋਵੇਗਾ ਤੇ ਇਹ ਬਿਨਾਂ ਪ੍ਰਵਾਨਗੀ ਤੋਂ ਹੈਡਕੁਆਟਰ ਨਹੀਂ ਛੱਡੇਗੀ। ਵਰਨਣਯੋਗ ਹੈ ਕਿ ਸਮਾਜਿਕ ਸੁਰੱਖਿਆ ਵਿਭਾਗ ’ਚ ਪੈਨਸ਼ਨ ਤੇ ਅਨੁਸੂਚਿਤ ਜਾਤੀ ਸਕਾਲਰਸ਼ਿਪ ਘਪਲੇ ਦਾ ਮੁੱਦਾ ਕਈ ਵਾਰ ਉੱਠਿਆ ਹੈ। ਸੂਬੇ ’ਚ ਗ਼ਲਤ ਢੰਗ ਨਾਲ ਬੁਢਾਪਾ ਪੈਨਸ਼ਨ ਲੈਣ ਦਾ ਮਾਮਲਾ ਉਜਾਗਰ ਹੋਇਆ ਸੀ। ਵਿਭਾਗ ਦੀ ਮੰਤਰੀ ਡਾ ਬਲਜੀਤ ਕੌਰ ਨੇ ਪਿਛਲੇ ਦਿਨ ਖੁਲਾਸਾ ਕੀਤਾ ਸੀ ਕਿ ਵਿਭਾਗ ਨੇ ਗ਼ਲਤ ਢੰਗ ਪੈਨਸ਼ਨ ਲੈਣ ਦੇ ਮਾਮਲੇ ਵਿਚ 189 ਕਰੋੜ ਦੇ ਕਰੀਬ ਰਿਕਵਰੀ ਕੀਤੀ ਹੈ।