Punjab News: ਪੰਜਾਬ 'ਚ ਟਰਾਂਸਪੋਰਟ ਪ੍ਰਬੰਧਾਂ 'ਚ ਹੋਵੇਗਾ ਸੁਧਾਰ, 1200 ਤੋਂ ਵੱਧ ਨਵੀਆਂ ਬੱਸਾਂ ਜੁੜਨਗੀਆਂ; ਯਾਤਰੀਆਂ ਨੂੰ ਮਿਲੇਗਾ ਬਿਹਤਰ ਸਫ਼ਰ ਦਾ ਅਨੁਭਵ
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਕਿਲੋਮੀਟਰ ਸਕੀਮ ਤਹਿਤ 250 ਬੱਸਾਂ ਫਲੀਟ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਵਸਨੀਕਾਂ ਨੂੰ ਸਮਰਪਿਤ ਹੈ ਜਿਸ ਦਾ ਉਦੇਸ਼ ਸੂਬੇ ਅੰਦਰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।
Publish Date: Sun, 12 Apr 2026 07:17 PM (IST)
Updated Date: Sun, 12 Apr 2026 07:21 PM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮਜ਼ਬੂਤ ਅਤੇ ਸੁਗਮ ਜਨਤਕ ਆਵਾਜਾਈ ਉਪਲਬਧ ਕਰਵਾਉਣ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ, ਸੂਬੇ ਦੇ ਵਿੱਤ ਅਤੇ ਟ੍ਰਾਂਸਪੋਰਟ ਮੰਤਰੀ ਹਰਪਾਲ ਚੀਮਾ ਨੇ ਅੱਜ ਰਾਜ ਦੇ ਆਵਾਜਾਈ ਨੈੱਟਵਰਕ ਦੇ ਵੱਡੇ ਵਿਸਥਾਰ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵਿੱਚ 659 ਬੱਸਾਂ ਅਤੇ ਪਨਬੱਸ ਵਿੱਚ 606 ਬੱਸਾਂ ਦਾ ਵੱਡਾ ਫਲੋਟ ਸ਼ਾਮਿਲ ਕਰਨ ਜਾ ਰਹੀ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਕਿਲੋਮੀਟਰ ਸਕੀਮ ਤਹਿਤ 250 ਬੱਸਾਂ ਫਲੀਟ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਵਸਨੀਕਾਂ ਨੂੰ ਸਮਰਪਿਤ ਹੈ ਜਿਸ ਦਾ ਉਦੇਸ਼ ਸੂਬੇ ਅੰਦਰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਸਕੀਮ ਤਹਿਤ ਬੱਸ ਮਾਲਕਾਂ (ਨਿੱਜੀ ਵਿਅਕਤੀਆਂ) ਨੂੰ ਆਪਣੀ ਪਸੰਦ ਅਨੁਸਾਰ ਆਪਣੇ ਵਾਹਨ ਤਿਆਰ ਕਰਨ ਦੀ ਆਗਿਆ ਦਿੱਤੀ ਗਈ ਸੀ, ਬਸ਼ਰਤੇ ਕਿ ਉਹ ਸਰਕਾਰੀ ਮਾਪਦੰਡਾਂ ਅਤੇ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਪੀਆਰਟੀਸੀ ਲਈ 659 ਬੱਸਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਵਿਭਾਗ ਸਿਰਫ ਕਿਲੋਮੀਟਰ ਯੋਜਨਾ ਤੱਕ ਸੀਮਿਤ ਨਹੀਂ ਹੈ। ਮੰਤਰੀ ਨੇ ਦੱਸਿਆ ਕਿ ਖੇਤਰੀ ਆਵਾਜਾਈ ਬੁਨਿਆਦੀ ਢਾਂਚੇ ਦੇ ਵਿਆਪਕ ਆਧੁਨਿਕੀਕਰਨ ਦੇ ਹਿੱਸੇ ਵਜੋਂ, ਪੀਆਰਟੀਸੀ ਇਸ ਸਮੇਂ 100 ਮਿੰਨੀ ਬੱਸਾਂ ਅਤੇ 309 ਹੋਰ ਸਟੈਂਡਰਡ ਬੱਸਾਂ ਦੀ ਖਰੀਦ ਲਈ ਸਰਗਰਮ ਟੈਂਡਰ ਪ੍ਰਕਿਰਿਆ ਵਿੱਚ ਹੈ।
ਪਨਬਸ ਲਈ ਨਿਰਧਾਰਿਤ 606 ਬੱਸਾਂ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਇੱਕ ਸੁਚਾਰੂ ਖਰੀਦ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 387 ਬੱਸਾਂ ਨੂੰ ਸਿੱਧਾ ਪਨਬਸ ਦੇ ਆਮ ਫਲੀਟ ਵਿੱਚ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਵੱਖ-ਵੱਖ ਰੂਟਾਂ 'ਤੇ ਵਧ ਰਹੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾ ਸਕੇ। ਬਾਕੀ ਬੱਸਾਂ ਨੂੰ ਕਿਲੋਮੀਟਰ ਸਕੀਮ ਅਧੀਨ ਜੋੜਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ, ਇਸ ਪੜਾਅ ਵਿੱਚ 19 ਪਨਬਸ ਵੋਲਵੋ ਬੱਸਾਂ ਅਤੇ 100 ਐੱਚਵੀਏਸੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਨਾਲ ਯਾਤਰੀਆਂ ਨੂੰ ਵੱਧ ਸੁਖਦ ਯਾਤਰਾ ਦਾ ਅਨੁਭਵ ਮਿਲੇਗਾ। ਇਸ ਤੋਂ ਇਲਾਵਾ ਕਿਲੋਮੀਟਰ ਸਕੀਮ ਅਧੀਨ 100 ਆਮ ਬੱਸਾਂ ਦੇ ਸ਼ਾਮਲ ਹੋਣ ਨਾਲ ਕੁੱਲ ਨਵੀਆਂ ਪਨਬਸ ਬੱਸਾਂ ਦੀ ਗਿਣਤੀ 606 ਹੋ ਜਾਵੇਗੀ।