- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀ-20 ਕ੍ਰਿਕਟ ਟੂਰਨਾਮੈਂਟ ’ਚ ਪੰਜਾਬ ਮੰਡੀ ਬੋਰਡ ਨੇ ਜਿੱਤ ਨਾਲ ਕੀਤੀ ਸ਼ਾਨਦਾਰ ਸ਼ੁਰੂਆਤ,

- ਪਹਿਲੇ ਮੈਚ ’ਚ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਦੀ ਟੀਮ ਨੂੰ 167 ਦੌੜਾਂ ਨਾਲ ਹਰਾਇਆ
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਕਰਵਾਏ ਜਾ ਰਹੇ ‘ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕ੍ਰਿਕਟ ਟੂਰਨਾਮੈਂਟ 2026 ਸੀਜ਼ਨ-2’ ਦੇ ਪਹਿਲੇ ਦਿਨ ਦੋ ਰੋਮਾਂਚਕ ਮੈਚ ਖੇਡੇ ਗਏ। ਪਹਿਲੇ ਮੈਚ ਵਿਚ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ, ਜਦਕਿ ਦੂਜੇ ਮੈਚ ਵਿਚ ਹਰਿਆਣਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ ਨੇ ਦਿੱਲੀ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ ਨੂੰ ਮਾਤ ਦਿੱਤੀ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰ-ਇਨ-ਚੀਫ਼ ਜਤਿੰਦਰ ਸਿੰਘ ਭੰਗੂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਹਿਲੇ ਮੈਚ ’ਚ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ’ਤੇ 253 ਦੌੜਾਂ ਬਣਾਈਆਂ ਅਤੇ ਹਿਮਾਚਲ ਪ੍ਰਦੇਸ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ ਨੂੰ ਜਿੱਤ ਲਈ 254 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਮੰਡੀ ਬੋਰਡ ਵੱਲੋਂ ਪਹਿਲੀ ਵਿਕਟ ਲਈ ਅਰੂਣ ਕਲਿਆਣ ਅਤੇ ਦਵਿੰਦਰ ਸਿੰਘ ਨੇ 99 ਗੇਂਦਾਂ ਵਿਚ 192 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਇਸ ਦੌਰਾਨ ਅਰੂਣ ਕਲਿਆਣ ਨੇ 103 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਦਕਿ ਦਵਿੰਦਰ ਸਿੰਘ ਨੇ 99 ਦੌੜਾਂ ਬਣਾਈਆਂ। ਪਹਿਲੀ ਵਿਕਟ ਡਿੱਗਣ ਤੋਂ ਬਾਅਦ ਚਾਂਦੀ ਰਾਮ ਨੇ ਤੇਜ਼-ਤਰਾਰ 35 ਦੌੜਾਂ ਦਾ ਯੋਗਦਾਨ ਪਾ ਕੇ ਟੀਮ ਦਾ ਸਕੋਰ 253 ਦੌੜਾਂ ਤੱਕ ਪਹੁੰਚਾਇਆ।
ਜਵਾਬ ਵਿਚ ਹਿਮਾਚਲ ਪ੍ਰਦੇਸ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ 13.5 ਓਵਰਾਂ ਵਿਚ 86 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਪੰਜਾਬ ਨੇ ਇਹ ਮੈਚ 167 ਦੌੜਾਂ ਨਾਲ ਜਿੱਤ ਲਿਆ। ਇਸ ਮੈਚ ਵਿਚ ਪੰਜਾਬ ਮੰਡੀ ਬੋਰਡ ਦੇ ਅਰੂਣ ਕਲਿਆਣ ਨੇ ਪਲੇਅਰ ਆਫ਼ ਦ ਮੈਚ ਅਤੇ ਬੈਸਟ ਬੈਟਸਮੈਨ ਦਾ ਖਿਤਾਬ ਆਪਣੇ ਨਾਮ ਕੀਤਾ, ਜਦਕਿ ਬੈਸਟ ਬਾਲਰ ਦਾ ਖਿਤਾਬ ਵਰਿੰਦਰ ਸ਼ੇਰਗਿੱਲ ਨੇ ਹਾਸਲ ਕੀਤਾ, ਜਿਸਨੇ 2 ਓਵਰਾਂ ਵਿੱਚ 2 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ। ਹਿਮਾਚਲ ਪ੍ਰਦੇਸ਼ ਬੋਰਡ ਦੇ ਮੁਕੇਸ਼ ਮਾਨ ਨੂੰ ਫਾਈਟਰ ਪਲੇਅਰ ਆਫ਼ ਦ ਮੈਚ ਐਲਾਨਿਆ ਗਿਆ। ਦੂਜੇ ਮੈਚ ਵਿਚ ਹਰਿਆਣਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਬਣਾਈਆਂ। ਟੀਮ ਵੱਲੋਂ ਰੋਹਿਤ ਰਾਵਤ ਨੇ ਸ਼ਾਨਦਾਰ 103 ਦੌੜਾਂ, ਕਪਿਲ ਨੇ 26 ਦੌੜਾਂ ਅਤੇ ਰਾਹੁਲ ਪੰਚਾਲ ਨੇ 25 ਦੌੜਾਂ ਬਣਾਈਆਂ। 184 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ’ਤੇ 108 ਦੌੜਾਂ ਹੀ ਬਣਾ ਸਕੀ, ਜਿਸ ਨਾਲ ਹਰਿਆਣਾ ਦੀ ਟੀਮ ਨੇ 75 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿਚ ਹਰਿਆਣਾ ਮੰਡੀ ਬੋਰਡ ਦੇ ਰੋਹਿਤ ਰਾਵਤ ਨੂੰ ਪਲੇਅਰ ਆਫ਼ ਦ ਮੈਚ ਅਤੇ ਬੈਸਟ ਬੈਟਸਮੈਨ ਦਾ ਖਿਤਾਬ ਦਿੱਤਾ ਗਿਆ, ਜਦਕਿ ਬੈਸਟ ਬਾਲਰ ਦਾ ਖਿਤਾਬ ਸੰਜੇ ਵਰਮਾ ਨੇ ਆਪਣੇ ਨਾਮ ਕੀਤਾ। ਦਿੱਲੀ ਮੰਡੀ ਬੋਰਡ ਦੇ ਨਿਤੇਸ਼ ਨੂੰ ਫਾਈਟਰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰ-ਇਨ-ਚੀਫ਼ ਜਤਿੰਦਰ ਸਿੰਘ ਭੰਗੂ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਟੂਰਨਾਮੈਂਟ ਵਿਚ ਭਾਗ ਲੈ ਰਹੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।