ਪ੍ਰੀਖਿਆ ਦੀ ਤਿਆਰੀ-ਸਾਂਝੀ ਜ਼ਿੰਮੇਵਾਰੀ, ਪੰਜਾਬ ਸਰਕਾਰ ਵੱਲੋਂ ਮਾਪਿਆਂ ਦੀ ਵਰਕਸ਼ਾਪ–2 ਕਰਵਾਈ
ਪ੍ਰੀਖਿਆ ਦੀ ਤਿਆਰੀ-ਸਾਂਝੀ ਜ਼ਿੰਮੇਵਾਰੀ, ਪੰਜਾਬ ਸਰਕਾਰ ਵੱਲੋਂ ਮਾਪਿਆਂ ਦੀ ਵਰਕਸ਼ਾਪ–2 ਦਾ ਸਫ਼ਲ ਆਯੋਜਨ
Publish Date: Sat, 07 Feb 2026 05:29 PM (IST)
Updated Date: Sat, 07 Feb 2026 05:32 PM (IST)

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮਾਪਿਆਂ ਨਾਲ ਕੀਤਾ ਰੂਬਰੂ ਸੰਵਾਦ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸੋਚ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਢੰਗ ਨਾਲ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਬੱਚਿਆਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਮਾਪਿਆਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਾਪਿਆਂ ਦੀ ਵਰਕਸ਼ਾਪ–2 ਕੀਤੀ ਗਈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਨਾਲ ਜੁੜੀਆਂ ਚੁਣੌਤੀਆਂ, ਪ੍ਰੀਖਿਆ ਸਮੇਂ ਤਣਾਅ ਪ੍ਰਬੰਧਨ, ਮਨੋਵਿਗਿਆਨਿਕ ਸਹਿਯੋਗ ਅਤੇ ਸਕਾਰਾਤਮਕ ਵਾਤਾਵਰਨ ਸਿਰਜਣ ਬਾਰੇ ਜਾਗਰੂਕ ਕਰਨਾ ਸੀ, ਤਾਂ ਜੋ ਬੱਚੇ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਪ੍ਰੀਖਿਆਵਾਂ ਵਿਚ ਹਿੱਸਾ ਲੈ ਸਕਣ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਿੱਖਿਆ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਵਿਰਕ ਨਾਲ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਪਿੰਡ ਪਰਾਗਪੁਰ, ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਜੱਟਾਂ, ਸਰਕਾਰੀ ਹਾਈ ਸਕੂਲ, ਤਸਿੰਬਲੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇਲਣ ਦਾ ਦੌਰਾ ਕਰਕੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਰੂਬਰੂ ਸੰਵਾਦ ਕੀਤਾ ਗਿਆ। ਐੱਮਐੱਲਏ ਰੰਧਾਵਾ ਨੇ ਪਰਾਗਪੁਰ ਸਕੂਲ ਨਾਲ ਜੁੜੀਆਂ ਆਪਣੀਆਂ ਬਚਪਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਆਪਣੇ ਨਾਲ ਪੜ੍ਹੇ ਸਹਿਪਾਠੀਆਂ ਨੂੰ ਸਨਮਾਨਿਤ ਕਰਕੇ ਭਾਵੁਕ ਪਲ ਸਾਂਝੇ ਕੀਤੇ। ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਨੂੰ ਸਿਰਫ਼ ਇਮਾਰਤਾਂ ਤੱਕ ਸੀਮਿਤ ਨਹੀਂ ਰੱਖ ਰਹੀ, ਸਗੋਂ ਬੱਚਿਆਂ ਦੇ ਮਾਨਸਿਕ, ਬੌਧਿਕ ਅਤੇ ਨੈਤਿਕ ਵਿਕਾਸ ’ਤੇ ਖ਼ਾਸ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਫ਼ਲਤਾ ਵਿਚ ਮਾਪਿਆਂ, ਅਧਿਆਪਕਾਂ ਅਤੇ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ’ਤੇ ਅਣਚਾਹਾ ਦਬਾਅ ਪਾਉਣ ਦੀ ਬਜਾਏ ਉਨ੍ਹਾਂ ਨੂੰ ਪਿਆਰ, ਸਮਝ ਅਤੇ ਹੌਸਲੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਹਰ ਬੱਚਾ ਆਤਮਵਿਸ਼ਵਾਸੀ ਬਣ ਕੇ ਆਪਣੇ ਸੁਪਨੇ ਸਾਕਾਰ ਕਰ ਸਕੇ। ਇਸ ਦੌਰਾਨ ਅਧਿਆਪਕਾਂ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਕੂਲਾਂ ਦੇ ਨਵੀਨੀਕਰਨ, ਸਮਾਰਟ ਕਲਾਸਰੂਮ, ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਅੰਤ ਵਿਚ ਸਾਰੇ ਹਾਜ਼ਰ ਮਾਪਿਆਂ ਅਤੇ ਸਟਾਫ਼ ਨੂੰ ਅਪੀਲ ਕੀਤੀ ਗਈ ਕਿ ਆਓ ਅਸੀਂ ਸਾਰੇ ਮਿਲ ਕੇ ਆਪਣੇ ਬੱਚਿਆਂ ਨੂੰ ਸੁਰੱਖਿਅਤ, ਆਤਮਵਿਸ਼ਵਾਸੀ ਅਤੇ ਉਜੱਲੇ ਭਵਿੱਖ ਵੱਲ ਅੱਗੇ ਵਧਣ ਲਈ ਸਹਿਯੋਗ ਕਰੀਏ ਅਤੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਨੰਬਰ ਵਨ ਬਣਾਈਏ। ਇਸ ਮੌਕੇ ਉਨ੍ਹਾਂ ਨਾਲ ਪਿੰਡਾਂ ਦੇ ਪੰਚ ਸਰਪੰਚ, ਬਲਾਕ ਪ੍ਰਧਾਨ ਸਮੇਤ ਮੋਹਤਬਰ ਵਿਅਕਤੀਆਂ ਨੇ ਵੀ ਹਿੱਸਾ ਲਿਆ।