ਹਮਾਂਯੂੰਪੁਰ-ਤਸਿੰਬਲੀ ਨੂੰ ਨਜ਼ਰਅੰਦਾਜ਼ ਕਰ ਰਹੀ ਪੰਜਾਬ ਸਰਕਾਰ : ਐੱਨਕੇ ਸ਼ਰਮਾ
ਹਮਾਂਯੂੰਪੁਰ-ਤਸਿੰਬਲੀ ਨੂੰ ਨਜ਼ਰਅੰਦਾਜ਼ ਕਰ ਰਹੀ ਪੰਜਾਬ ਸਰਕਾਰ : ਐੱਨਕੇ ਸ਼ਰਮਾ
Publish Date: Tue, 06 Jan 2026 06:56 PM (IST)
Updated Date: Tue, 06 Jan 2026 06:59 PM (IST)

ਗੁਰੂਆਂ ਦੀ ਚਰਨ ਛੋਹ ਪ੍ਰਾਪਤ ਪਿੰਡ ਨੂੰ ਨਹੀਂ ਮਿਲੀ ਗਰਾਂਟ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਪੰਜਾਬ ਸਰਕਾਰ ਤੇ ਇਤਿਹਾਸਕ ਪਿੰਡ ਹਮਾਂਯੂੰਪੁਰ-ਤਸਿੰਬਲੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਵਿਕਾਸ ਕਾਰਜਾਂ ਵਿਚ ਵਿਤਕਰਾ ਕਰ ਰਹੀ ਹੈ। ਐੱਨਕੇ ਸ਼ਰਮਾ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਹਮਾਂਯੂੰਪੁਰ ਵੱਲੋਂ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਰਮਾ ਨੇ ਇਤਿਹਾਸਕ ਗੁਰਦੁਆਰਿਆਂ ਨੌਂਵੀਂ ਅਤੇ ਦਸਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਣ ਤੋਂ ਬਾਅਦ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਪਰ ਸਰਕਾਰ ਨੇ ਹਮਾਂਯੂੰਪੁਰ-ਤਸਿੰਬਲੀ ਨੂੰ ਅਣਗੌਲਿਆ ਕੀਤਾ ਹੈ। ਇੱਥੇ ਸਿੱਖਾਂ ਦੇ ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮੌਜੂਦਾ ਸਰਕਾਰ ਵਿਕਾਸ ਦੇ ਮਾਮਲਿਆਂ ਵਿਚ ਵਿਤਕਰਾ ਕਰ ਰਹੀ ਹੈ, ਉੱਥੇ ਹੀ ਪੰਜਾਬ ਵਿਚ ਆਪਸੀ ਭਾਈਚਾਰਾ ਖ਼ਤਮ ਕੀਤਾ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਇਕ-ਦੂਜੇ ਨਾਲ ਲੜਾਉਣ ਤੋਂ ਇਲਾਵਾ ਕੋਈ ਦੂਜਾ ਕੰਮ ਨਹੀਂ ਕੀਤਾ। ਅੱਜ ਹਾਲਾਤ ਅਜਿਹੇ ਹਨ ਕਿ ਲੋਕਾਂ ਨੂੰ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਇਸ ਚੋਣ ਵਿਚ ਸੱਚ ਦਾ ਸਾਥ ਦਿੱਤਾ ਹੈ। ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਦਲ ਦੀਆਂ ਨੀਤੀਆਂ ’ਤੇ ਮੋਹਰ ਲਗਾਈ ਹੈ। ਇਸ ਮੌਕੇ ਅਕਾਲੀ ਆਗੂ ਹਰਕੇਸ਼ ਸਿੰਘ ਮੋਹੜੀ, ਮਨਜੀਤ ਸਿੰਘ ਮਲਕਪੁਰ, ਰਣਜੀਤ ਸਿੰਘ ਰਾਣਾ, ਗੁਰਜੀਤ ਸਿੰਘ, ਮੁਖਤਿਆਰ ਸਿੰਘ, ਪਰਵਿੰਦਰ ਸਿੰਘ ਜੌਲਾ, ਬ੍ਰਿਜੇਸ਼ ਰਾਣਾ ਤੇ ਅਜਾਇਬ ਸਿੰਘ ਅੰਟਾਲਾ ਸਮੇਤ ਕਈ ਪਤਵੰਤੇ ਮੌਜੂਦ ਸਨ।