ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ: ਠੇਕੇਦਾਰੀ ਪ੍ਰਣਾਲੀ ਖ਼ਤਮ, ਹੁਣ ਸਿੱਧੇ ਠੇਕੇ ’ਤੇ ਰੱਖੇ ਜਾਣਗੇ ਮੁਲਾਜ਼ਮ
ਪੰਜਾਬ ਦੀ ‘ਆਪ’ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਅਸਾਮੀਆਂ ਭਰਨ ਅਤੇ ਸਰਕਾਰੀ ਵਿਭਾਗਾਂ ’ਚ ਸਿੱਧੇ ਠੇਕੇ ’ਤੇ ਮੁਲਾਜ਼ਮ ਰੱਖਣ ਵੱਲ ਕਦਮ ਵਧਾਇਆ ਹੈ। ਮਹਿੰਗਾਈ ਨੂੰ ਦੇਖਦੇ ਹੋਏ ਨਵੇਂ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਪਹਿਲਾਂ ਨਾਲੋਂ ਵਧਾ ਕੇ ਦਿੱਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਬੀਤੀ 30 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਸੂਬਾ ਸਰਕਾਰ ਨੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਅਹਿਮ ਫ਼ੈਸਲਾ ਲਿਆ ਸੀ।
Publish Date: Fri, 05 Jun 2026 11:51 AM (IST)
Updated Date: Fri, 05 Jun 2026 11:59 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਦੀ ‘ਆਪ’ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਅਸਾਮੀਆਂ ਭਰਨ ਅਤੇ ਸਰਕਾਰੀ ਵਿਭਾਗਾਂ ’ਚ ਸਿੱਧੇ ਠੇਕੇ ’ਤੇ ਮੁਲਾਜ਼ਮ ਰੱਖਣ ਵੱਲ ਕਦਮ ਵਧਾਇਆ ਹੈ। ਮਹਿੰਗਾਈ ਨੂੰ ਦੇਖਦੇ ਹੋਏ ਨਵੇਂ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਪਹਿਲਾਂ ਨਾਲੋਂ ਵਧਾ ਕੇ ਦਿੱਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਬੀਤੀ 30 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਸੂਬਾ ਸਰਕਾਰ ਨੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਅਹਿਮ ਫ਼ੈਸਲਾ ਲਿਆ ਸੀ।
ਇਸ ਨਾਲ ਜਿੱਥੇ ਪ੍ਰਾਈਵੇਟ ਠੇਕੇਦਾਰਾਂ ਦੀ ਮਨਮਰਜ਼ੀ ਖ਼ਤਮ ਹੋਈ ਹੈ ਅਤੇ ਨਵੀਂ ਭਰਤੀ ਤਹਿਤ ਸਰਕਾਰ ਆਪਣੇ ਪੱਧਰ ’ਤੇ ਸਿੱਧੇ ਠੇਕੇ ’ਤੇ ਮੁਲਾਜ਼ਮ ਰੱਖੇਗੀ। ਇਸ ਤਰ੍ਹਾਂ ਵਿਚੋਲਿਆ ਦਾ ਰਾਮ ਰੋਲਾ ਵੀ ਮੁੱਕ ਗਿਆ ਹੈ। ਸਰਕਾਰ ਦੇ ਇਸ ਨਿਰਣੇ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਖਾਲੀ 14 ਅਸਾਮੀਆਂ ਭਰਨ ਲਈ 11 ਮੈਡੀਕਲ ਲੈਬ. ਟੈਕਨੀਸ਼ੀਅਨ ਅਤੇ ਤਿੰਨ ਕੌਂਸਲਰਾਂ ਦੀ ਠੇਕੇ ’ਤੇ ਨਿਯੁਕਤੀ ਕਰਨ ਲਈ ਬਿਨੈਕਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾ. ਵਿਸ਼ਾਲ ਗਰਗ ਨੇ ਦੱਸਿਆ ਕਿ ਮੈਡੀਕਲ ਲੈਬ, ਟੈਕਨੀਸ਼ੀਅਨ ਅਤੇ ਕੌਂਸਲਰ ਨੂੰ 21-21 ਹਜ਼ਾਰ ਰੁਪਏ ਮਾਸਿਕ ਤਨਖ਼ਾਹ ਦਿੱਤੀ ਜਾਵੇਗੀ ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ ਅਸਾਮੀਆਂ ਲਈ ਸਿਰਫ਼ 14 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਸਾਰਾ ਫ਼ੰਡ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ। ਚਾਹਵਾਨ ਵਿਅਕਤੀ 15 ਜੂਨ ਤੱਕ ਅਰਜ਼ੀ ਦੇ ਸਕਦੇ ਹਨ।
ਇੰਜ ਹੀ ਮੁਹਾਲੀ ਦੇ ਸਨਅਤੀ ਏਰੀਆ ਫੇਜ਼-1 ਸਥਿਤ ਨਾਰਦਰਨ ਇੰਡੀਆ ਇੰਸਟੀਚਿਊਟ ਅਫ਼ ਫੈਸ਼ਨ ਤਕਨਾਲੋਜੀ ਵਿਚ ਪ੍ਰਿੰਸੀਪਲ ਦੀ ਨਿਯੁਕਤੀ ਲਈ ਡਾਇਰੈਕਟਰ ਜਨਰਲ ਵੱਲੋਂ ਚਾਹਵਾਨ ਵਿਅਕਤੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਆਸਾਮੀ ਠੇਕਾ ਆਧਾਰਤ ਭਰੀ ਜਾਵੇਗੀ ਅਤੇ ਪ੍ਰਿੰਸੀਪਲ ਨੂੰ 1 ਲੱਖ 44 ਹਜ਼ਾਰ ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਤਨਖ਼ਾਹ ਦਿੱਤੀ ਜਾਵੇਗੀ।
ਇਸ ਅਹੁਦੇ ਲਈ ਬਿਨੈਕਾਰ 25 ਜੂਨ ਤੱਕ ਆਪਣੀ ਅਰਜ਼ੀ ਡਾਇਰੈਕਟਰ ਦੇ ਦਫ਼ਤਰ ਵਿਚ ਦੇ ਸਕਦੇ ਹਨ। ਪੰਜਾਬ ਸਰਕਾਰ ਦਾ ਇਹ ਅਦਾਰਾ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨਾਲ ਐਫੀਲੀਏਟਿਡ ਹੈ।
ਇਸੇ ਤਰ੍ਹਾਂ ਪੰਜਾਬ ਸਪੋਰਟਸ ਮੈਡੀਕਲ ਸਰਵਿਸਿਜ਼ ਵਿਚ ਤਿੰਨ ਸਾਲਾਂ ਲਈ ਠੇਕਾ ਆਧਾਰ ’ਤੇ ਸਪੋਰਟਸ ਮੈਡੀਸਿਨ ਸਪੈਸ਼ਲਿਸਟ 8, ਐਕਿਊਪ੍ਰੈਸ਼ਰਿਸਟ 1, ਸਪੋਰਟਸ ਫਿਜ਼ਿਓਥਰੈਪਿਸਟ 2, ਬਾਇਓ ਮਕੈਨਿਕ ਅਸਿਸਟੈਂਟ 13 ਅਤੇ ਨਰਸਿੰਗ ਅਸਿਸਟੈਂਟ/ਕਲੀਨਿਕ ਅਸਿਸਟੈਂਟ ਦੀ 1 ਅਸਾਮੀ ਲਈ ਬਿਨੈਕਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ 22 ਜੂਨ ਤੱਕ ਵਿੱਦਿਅਕ ਯੋਜਤਾਵਾਂ ਅਤੇ ਤਜਰਬਾ ਸਰਟੀਫਿਕੇਟ ਨਾਲ ਫਾਰਮ ਭਰ ਸਕਦੇ ਹਨ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ ਅਤੇ ਇੰਟਰਵਿਊ ਸ਼ਡਿਊਲ ਅਤੇ ਸਬੰਧਤ ਹੋਰ ਵੇਰਵੇ 25 ਜੂਨ ਤੱਕ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਜਾਣਗੇ।
ਜਾਣਕਾਰੀ ਅਨੁਸਾਰ ਸਪੋਰਟਸ ਮੈਡੀਸਿਨ ਸਪੈਸ਼ਲਿਸਟ ਨੂੰ 1 ਲੱਖ 15 ਹਜ਼ਾਰ ਰੁਪਏ, ਐਕਿਊਪ੍ਰੈਸ਼ਰਿਸਟ ਨੂੰ 45 ਹਜ਼ਾਰ ਰੁਪਏ, ਸਪੋਰਟਸ ਫਿਜ਼ਿਓਥਰੈਪਿਸਟ ਨੂੰ 45 ਹਜ਼ਾਰ ਰੁਪਏ, ਬਾਇਓ ਮਕੈਨਿਕ ਅਸਿਸਟੈਂਟ ਨੂੰ 40 ਹਜ਼ਾਰ ਰੁਪਏ ਅਤੇ ਨਰਸਿੰਗ ਅਸਿਸਟੈਂਟ/ਕਲੀਨਿਕ ਅਸਿਸਟੈਂਟ ਨੂੰ ਵੀ 40 ਹਜ਼ਾਰ ਰੁਪਏ ਯਕਮੁਸ਼ਤ ਮਾਸਿਕ ਤਨਖ਼ਾਹ ਦਿੱਤੀ ਜਾਵੇਗੀ।
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਣਕਪੁਰ ਸ਼ਰੀਫ਼ (ਜ਼ਿਲ੍ਹਾ ਮੁਹਾਲੀ) ਵੱਲੋਂ ਸੈਸ਼ਨ 2025-26 ਤੱਕ ਜਾਂ ਰੈਗੂਲਰ ਇੰਸਟਰੱਕਟਰ ਦੇ ਪ੍ਰਬੰਧ ਹੋਣ ਤੱਕ ਗੈਸਟ ਫੈਕਲਟੀ ਉਮੀਦਵਾਰ ਰੱਖੇ ਜਾਣੇ ਹਨ। ਇਹ ਉਮੀਦਵਾਰ ਇਲੈਕਟ੍ਰੀਸ਼ਨ 2, ਮਕੈਨਿਕ ਡੀਜ਼ਲ 2, ਪਲੰਬਰ 2, ਫਿਟਰ 2, ਰੈਫਰੀਏਸ਼ਨ ਐਂਡ ਏਅਰ ਕੰਡੀਸ਼ਨ 1, ਕੰਪਿਊਟਰ ਹਰਡਵੇਅਰ ਐਂਡ ਨੋਟ 2 ਆਦਿ ਟਰੇਡਾਂ ਲਈ ਇੰਸਟਰੱਕਟਰ ਠੇਕਾ ਆਧਾਰ ’ਤੇ ਰੱਖੇ ਜਾਣਗੇ ਅਤੇ ਉਨ੍ਹਾਂ ਨੂੰ 15 ਹਜ਼ਾਰ ਰੁਪਏ ਉੱਕਾ ਪੁੱਕਾ ਮਾਸਿਕ ਮਾਣ ਭੱਤਾ ਦਿੱਤਾ ਜਾਵੇਗਾ।
ਇਹ ਅਸਾਮੀਆਂ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਦੇ ਆਧਾਰ ’ਤੇ ਹੋਣਗੀਆਂ। ਚਾਹਵਾਨ ਵਿਅਕਤੀ ਆਪਣੇ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਲੈ ਕੇ 11 ਜੂਨ ਨੂੰ ਸਵੇਰੇ 11 ਵਜੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਣਕਪੁਰ ਸ਼ਰੀਫ ਵਿਖੇ ਖ਼ੁਦ ਨਿੱਜੀ ਤੌਰ ’ਤੇ ਪੇਸ਼ ਹੋ ਕੇ ਜਮ੍ਹਾ ਕਰਵਾ ਸਕਦੇ ਹਨ।