ਪੰਜਾਬ ਸਰਕਾਰ ਨੇ ਦੋ ਅਹਿਮ ਮੁੱਦਿਆਂ ’ਤੇ ਦਿੱਤੀ ਰਾਹਤ : ਧਵਨ
ਪੰਜਾਬ ਸਰਕਾਰ ਨੇ ਦੋ ਅਹਿਮ ਮੁੱਦਿਆਂ ’ਤੇ ਦਿੱਤੀ ਰਾਹਤ : ਧਵਨ
Publish Date: Tue, 10 Feb 2026 07:03 PM (IST)
Updated Date: Wed, 11 Feb 2026 04:09 AM (IST)

ਫੋਟੋ ਕੈਪਸ਼ਨ : ਪ੍ਰਧਾਨ ਹਰਜਿੰਦਰ ਸਿੰਘ ਧਵਨ। 10ਪੀ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐੱਮਪੀਸੀਏ) ਦੇ ਪ੍ਰਧਾਨ ਹਰਜਿੰਦਰ ਸਿੰਘ ਧਵਨ ਨੇ ਕਿਹਾ ਹੈ ਕਿ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਮੰਗ ਦੇ ਆਧਾਰ ’ਤੇ ਪੰਜਾਬ ਸਰਕਾਰ ਦੇ ਮਕਾਨ ਉਸਾਰੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਗਮਾਡਾ ਨਾਲ ਸਬੰਧਤ ਦੋ ਅਹਿਮ ਮੁੱਦਿਆਂ ਦਾ ਹਲ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ ਪ੍ਰਾਪਰਟੀ ਦੀ ਫੈਮਿਲੀ ਟਰਾਂਸਫਰ ਦੀ ਸਹੂਲੀਅਤ ਦੇਣ ਦੇ ਨਾਲ-ਨਾਲ ਰਜਿਸਟਰਡ ਵਸੀਅਤ ਦੇ ਮਾਮਲੇ ਵਿਚ ਰਹਿੰਦੇ ਵਾਰਸਾਂ ਨੂੰ ਨਿੱਜੀ ਰੂਪ ਵਿਚ ਹਾਜ਼ਰ ਹੋ ਕੇ ਬਿਆਨ ਦੇਣ ਤੋਂ ਛੋਟ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਐੱਮਪੀਸੀਏ ਦੇ ਇਕ ਵਫ਼ਦ ਵੱਲੋਂ ਪਿਛਲੇ ਮਹੀਨੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਬੈਠਕ ਕੀਤੀ ਗਈ ਸੀ ਅਤੇ ਉਪਰੋਕਤ ਮੁੱਦੇ ਉਨ੍ਹਾਂ ਦੇ ਵਿਚਾਰ ਅਧੀਨ ਲਿਆ ਕੇ ਮੰਗ ਕੀਤੀ ਸੀ ਕਿ ਲੋਕ ਹਿੱਤ ’ਚ ਇਨ੍ਹਾਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਬੀਤੇ ਦਿਨ ਪ੍ਰਿੰਸੀਪਲ ਸੈਕਟਰੀ ਨਾਲ ਮੁਲਾਕਾਤ ਕੀਤੀ ਗਈ ਸੀ, ਜਿਨ੍ਹਾਂ ਦੱਸਿਆ ਹੈ ਕਿ 5 ਫਰਵਰੀ ਨੂੰ ਹੋਈ ਗਮਾਡਾ ਦੀ ਉੱਚ ਪੱਧਰੀ ਬੈਠਕ ’ਚ ਐੱਮਪੀਸੀਏ ਵੱਲੋਂ ਬੀਤੀ 25 ਜਨਵਰੀ ਨੂੰ ਚੁੱਕੇ ਗਏ ਮੁੱਦਿਆਂ ਦੇ ਹੱਲ ’ਤੇ ਸਹਿਮਤੀ ਦੇ ਦਿੱਤੀ ਗਈ ਅਤੇ ਸਰਕਾਰ ਵੱਲੋਂ ਲੋਕ ਹਿੱਤਾਂ ’ਚ ਕੀਤੀਆਂ ਗਈਆਂ ਸਿਫਾਰਸ਼ਾਂ ਪ੍ਰਵਾਨ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਦੇ ਹੱਲ ਹੋਣ ਨਾਲ ਗਮਾਡਾ ਵੱਲੋਂ ਪੋਤੇ-ਪੋਤੀਆਂ, ਦੋਤੇ-ਦੋਤੀਆਂ ਨੂੰ ਪ੍ਰਾਪਰਟੀ ਦੀ ਫੈਮਿਲੀ ਟਰਾਂਸਫਰ ਵਿਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਭਵਿੱਖ ’ਚ ਗਮਾਡਾ ਵੱਲੋਂ ਇਸ ਸਬੰਧੀ ਐੱਨਓਸੀ ਜਾਰੀ ਕਰ ਦਿੱਤਾ ਜਾਇਆ ਕਰੇਗਾ। ਇਸਦੇ ਨਾਲ ਹੀ ਰਜਿਸਟਰਡ ਵਸੀਹਤ ਦੇ ਮਾਮਲੇ ’ਚ ਰਹਿੰਦੇ ਵਾਰਸਾਂ ਨੂੰ ਨਿੱਜੀ ਰੂਪ ਵਿਚ ਹਾਜ਼ਰ ਹੋ ਕੇ ਬਿਆਨ ਤੋਂ ਛੋਟ ਦੇ ਦਿੱਤੀ ਹੈ, ਪਰ ਗਮਾਡਾ ਵਿਚ ਡੈਥ ਕੇਸ ਦੇ ਮਾਮਲੇ ’ਚ ਰਹਿੰਦੇ ਵਾਰਸਾਂ ਦੇ ਤਸਦੀਕ ਕੀਤੇ ਹੋਏ ਹਲਫੀਆ ਬਿਆਨ ਨਾਲ ਨੱਥੀ ਕੀਤੇ ਜਾਣਗੇ।