ਪੰਜਾਬ ਬੋਰਡ ਦਾ ਵੱਡਾ ਫ਼ੈਸਲਾ: ਪ੍ਰਸ਼ਨ ਪੱਤਰਾਂ ਦਾ ਨਵਾਂ ਪੈਟਰਨ ਹੋਵੇਗਾ ਲਾਗੂ, CM Mann ਨੂੰ ਮਿਲੀ ਫੀਡਬੈਕ ਤੋਂ ਬਾਅਦ ਬਦਲਾਅ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਅਧੀਨ ਸਕੂਲ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਨਵਾਂ ਪੈਟਰਨ ਜਾਰੀ ਕੀਤਾ ਗਿਆ ਹੈ।
Publish Date: Thu, 11 Jun 2026 12:12 PM (IST)
Updated Date: Thu, 11 Jun 2026 12:15 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਅਧੀਨ ਸਕੂਲ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਨਵਾਂ ਪੈਟਰਨ ਜਾਰੀ ਕੀਤਾ ਗਿਆ ਹੈ।
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪਿਛੇ ਜਿਹੇ ਸਕੂਲੀ ਬੱਚਿਆਂ ਨੇ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੀਡਬੈੱਕ ਦਿੱਤੀ ਗਈ ਸੀ। ਜਿਸ ’ਚ ਵਿਦਿਆਰਥੀਆਂ ਨੇ ਸਮੇਂ ਦੇ ਹਾਣ ਦੇ ਪ੍ਰਸ਼ਨ ਪੱਤਰ ਤਿਆਰ ਕਰਨ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਬੋਰਡ ਮੈਨੇਜਮੈਂਟ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਸਿੱਖਿਆ ਬੋਰਡ ਦੇ ਮੁਖੀ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਦਾ 50 ਫ਼ੀਸਦੀ ਹਿੱਸਾ ਪਾਠਕ੍ਰਮ ਦੇ ਅਭਿਆਸ ਅਤੇ ਪ੍ਰਸ਼ਨਾਂ ’ਚੋਂ ਹੋਵੇਗਾ, ਜਦੋਂਕਿ ਬਾਕੀ 50 ਫ਼ੀਸਦੀ ਪ੍ਰਸ਼ਨ ਵਿਦਿਆਰਥੀਆਂ ਦੀ ਧਾਰਨਾਤਮਕ ਸਮਝ ਦੀ ਪੜਚੋਲ ਲਈ ਹੋਣਗੇ। ਬੋਰਡ ਮੈਨੇਜਮੈਂਟ ਦੇ ਇਸ ਤਾਜ਼ਾ ਫ਼ੈਸਲੇ ਦਾ ਮੁੱਖ ਮੰਤਵ ਸਿਰਫ਼ ਰਟਨ ਪ੍ਰਣਾਲੀ ਨੂੰ ਅਪਣਾਉਣਾ ਨਹੀਂ ਹੈ ਸਗੋਂ ਇਹ ਸਕੂਲੀ ਬੱਚਿਆਂ ਵਿਚ ਸੋਚਣ ਸਮਝਣ ਅਤੇ ਵਿਸ਼ੇ ਦੀ ਡੂੰਘਾਈ ਨਾਲ ਸੂਝਬੂਝ ਮੁਤਾਬਕ ਢਾਲਣਾ ਅਤੇ ਵਿਕਸਤ ਕਰਨਾ ਹੈ।
ਹੁਣ ਸਿਰਫ਼ ਕਿਤਾਬਾਂ ਦੇ ਪ੍ਰਸ਼ਨ ਯਾਦ ਕਰਨਾ ਕਾਫ਼ੀ ਨਹੀਂ ਹੋਵੇਗਾ, ਸਗੋਂ ਸਬੰਧਤ ਵਿਸ਼ੇ ਨੂੰ ਸਮਝ ਕੇ ਪੜ੍ਹਨਾ ਵੀ ਲਾਜ਼ਮੀ ਹੋਵੇਗਾ। ਇਹ ਨਵਾਂ ਨਿਯਮ ਅਕਾਦਮਿਕ ਸੈਸ਼ਨ 2026-27 ਦੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਰਫ਼ ਪ੍ਰਸ਼ਨ ਪੱਤਰ ਹੀ ਨਹੀਂ ਬਲਕਿ ਨੌਜਵਾਨ ਪੀੜ੍ਹੀ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਣ ਲਈ ਪਾਠਕ੍ਰਮ ਵਿਚ ਵੀ ਲੋੜ ਅਨੁਸਾਰ ਸੋਧਾਂ ਕੀਤੀਆਂ ਜਾਣਗੀਆਂ ਅਤੇ ਸੀਬੀਐੱਸਈ ਤੋਂ ਵੀ ਵਧੀਆ ਪਾਠਕ੍ਰਮ ਹੋਵੇਗਾ।