ਜ਼ੀਰਕਪੁਰ ’ਚ ਜਨਤਕ ਪਖ਼ਾਨਿਆਂ ਦਾ ਉਦਘਾਟਨ
ਜ਼ੀਰਕਪੁਰ ਵਿਚ ਜਨਤਕ ਪਖ਼ਾਨਿਆਂ ਦਾ ਉਦਘਾਟਨ,
Publish Date: Mon, 06 Apr 2026 10:12 PM (IST)
Updated Date: Mon, 06 Apr 2026 10:14 PM (IST)

- ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਨਿਵਾਸੀਆਂ ਨੂੰ ਸੌਂਪੀ ਸੌਗਾਤ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਦੇ ਅਧੀਨ ਆਉਂਦੇ ਵਾਰਡ ਨੰ. 30 ਵਿਚ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਮਜ਼ਬੂਤ ਕਰਦਿਆਂ, ਸਥਾਨਕ ਕੌਂਸਲਰ ਨਵਤੇਜ ਨਵੀ ਧੀਮਾਨ ਦੀਆਂ ਕੋਸ਼ਿਸ਼ਾਂ ਸਦਕਾ ਸੋਮਵਾਰ ਨੂੰ ਇਲਾਕੇ ਵਿਚ ਨਵੇਂ ਬਣੇ ਆਧੁਨਿਕ ਜਨਤਕ ਪਖ਼ਾਨਿਆਂ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਦਾ ਰਸਮੀ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਹ ਸੁਵਿਧਾ ਖ਼ਾਸ ਤੌਰ ਤੇ ਨਿਊ ਡਿਫੈਂਸ ਕਾਲੋਨੀ ਦੇ ਵਸਨੀਕਾਂ ਅਤੇ ਰਾਹਗੀਰਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਔਰਤਾਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲਾ : ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਨਗਰ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਵਾਰਡ ਨੰ. 30 ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਜਨਤਕ ਪਖ਼ਾਨਿਆਂ ਦੀ ਘਾਟ ਨਾਲ ਜੂਝ ਰਹੇ ਸਨ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਮੁਸ਼ਕਲ ਮਹਿਲਾਵਾਂ ਨੂੰ ਪੇਸ਼ ਆ ਰਹੀ ਸੀ, ਕਿਉਂਕਿ ਆਲੇ-ਦੁਆਲੇ ਕੋਈ ਉਚਿਤ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਗੰਭੀਰ ਸਮੱਸਿਆ ਨੂੰ ਮੁੱਖ ਰੱਖਦਿਆਂ ਕੌਂਸਲਰ ਨਵਤੇਜ ਨਵੀ ਵੱਲੋਂ ਇਹ ਪ੍ਰਸਤਾਵ ਲਿਆਂਦਾ ਗਿਆ ਸੀ, ਜਿਸ ਨੂੰ ਅੱਜ ਅਮਲੀ ਰੂਪ ਦੇ ਕੇ ਜਨਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੌਂਸਲਰ ਨਵਤੇਜ ਨਵੀ ਨੇ ਕੀਤਾ ਧੰਨਵਾਦ : ਇਸ ਮੌਕੇ ਕੌਂਸਲਰ ਨਵਤੇਜ ਨਵੀ ਧੀਮਾਨ ਨੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਸਹਿਯੋਗ ਅਤੇ ਦੂਰਅੰਦੇਸ਼ੀ ਸਦਕਾ ਹੀ ਵਾਰਡ ਵਿਚ ਵਿਕਾਸ ਕਾਰਜ ਨੇਪਰੇ ਚੜ੍ਹ ਰਹੇ ਹਨ। ਉਨ੍ਹਾਂ ਨਿਊ ਡਿਫੈਂਸ ਕਾਲੋਨੀ ਅਤੇ ਸਮੂਹ ਵਾਰਡ ਵਸਨੀਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ ਹਮੇਸ਼ਾ ਵਿਕਾਸ ਕਾਰਜਾਂ ਵਿਚ ਸਾਥ ਦਿੱਤਾ ਹੈ।