ਪੀਐੱਸਪੀਸੀਐੱਲ ਵੱਲੋਂ ਜ਼ੀਰਕਪੁਰ ਵਿਖੇ ਸਰਕਲ ਦਫ਼ਤਰ ਦੀ ਸਥਾਪਤੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕੀਤੀ ਰਸਮੀ ਸ਼ੁਰੂਆਤ
ਪੀਐੱਸਪੀਸੀਐੱਲ ਵੱਲੋਂ ਜ਼ੀਰਕਪੁਰ ਵਿਖੇ ਸਰਕਲ ਦਫ਼ਤਰ ਦੀ ਸਥਾਪਤੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕੀਤੀ ਰਸਮੀ ਸ਼ੁਰੂਆਤ
Publish Date: Fri, 02 Jan 2026 08:00 PM (IST)
Updated Date: Fri, 02 Jan 2026 08:02 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਬਣੇ ਜ਼ੀਰਕਪੁਰ ਸਰਕਲ ਦੇ ਦਫ਼ਤਰ ਦਾ ਉਦਘਾਟਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਆਰਕੇ ਮਿੱਤਲ, ਮੁੱਖ ਇੰਜੀਨੀਅਰ, ਦੱਖਣੀ ਜ਼ੋਨ, ਪਟਿਆਲਾ ਵੱਲੋਂ ਨਵੇਂ ਲਗਾਏ ਐੱਸਈ, ਇੰਜੀਨੀਅਰ ਅਮਨਦੀਪ ਸਿੰਘ ਗਿੱਲ (ਨਿਗਰਾਨ ਇੰਜੀਨੀਅਰ) ਨੂੰ ਰਸਮੀ ਤੌਰ ਤੇ ਦਫ਼ਤਰ ਦਾ ਜ਼ਿੰਮਾ ਸੰਭਾਲ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਨਵੇਂ ਬਣੇ ਸਰਕਲ ਵਿਚ ਡੀਐੱਸ ਡਿਵੀਜ਼ਨ ਜ਼ੀਰਕਪੁਰ ਅਤੇ ਡੀਐੱਸ ਡਿਵੀਜ਼ਨ ਲਾਲੜੂ ਸ਼ਾਮਲ ਹਨ, ਜਿਸ ਦਾ ਮੁੱਖ ਮਕਸਦ ਖਪਤਕਾਰਾਂ ਦੀ ਸਹੂਲਤ ਨੂੰ ਵਧਾਉਣਾ ਅਤੇ ਸੇਵਾ ਪ੍ਰਦਾਨ ਕਰਨ ਵਿਚ ਸੁਧਾਰ ਕਰਨਾ ਹੈ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਸਰਕਲ ਦੀ ਸਿਰਜਣਾ ਨੂੰ ਪੀਐੱਸਪੀਸੀਐੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਆਪਣੀ 116ਵੀਂ ਮੀਟਿੰਗ ਵਿਚ ਮਨਜ਼ੂਰੀ ਦਿੱਤੀ ਸੀ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਡਿਵੀਜ਼ਨਾਂ ਦੇ ਖਪਤਕਾਰਾਂ ਨੂੰ ਵਿਭਾਗੀ ਕੰਮਾਂ ਲਈ ਮੁਹਾਲੀ ਜਾਣਾ ਪੈਂਦਾ ਸੀ, ਜਿਸ ਦੇ ਨਤੀਜੇ ਵਜੋਂ ਯਾਤਰਾ ਦਾ ਸਮਾਂ ਅਤੇ ਅਸੁਵਿਧਾ ਵਧਦੀ ਸੀ। ਜ਼ੀਰਕਪੁਰ ਸਰਕਲ ਦੀ ਸਥਾਪਨਾ ਨਾਲ, ਸੇਵਾਵਾਂ ਤੱਕ ਪਹੁੰਚ ਵਿਚ ਕਾਫ਼ੀ ਸੁਧਾਰ ਹੋਵੇਗਾ, ਜਿਸ ਨਾਲ ਸ਼ਿਕਾਇਤ ਨਿਵਾਰਣ ਤੇਜ਼ ਹੋਵੇਗਾ ਅਤੇ ਪ੍ਰਸ਼ਾਸਕੀ ਕੰਮਕਾਜ ਵਧੇਰੇ ਕੁਸ਼ਲ ਹੋਵੇਗਾ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ, ਸੰਜੀਵ ਅਰੋੜਾ ਅਤੇ ਬਸੰਤ ਗਰਗ, ਸੀਐੱਮਡੀ, ਪੀਐੱਸਪੀਸੀਐੱਲ ਦਾ ਜ਼ੀਰਕਪੁਰ ਸਰਕਲ ਦੀ ਸਿਰਜਣਾ ਵਿਚ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਖਪਤਕਾਰ ਸੇਵਾਵਾਂ ਵਿਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲੇਗਾ ਅਤੇ ਸਾਰੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਵਿਚ ਸੇਵਾਵਾਂ ਹਾਸਲ ਕਰਨ ਵਿਚ ਮਦਦ ਮਿਲੇਗੀ। ਇੰਜੀਨੀਅਰ ਆਰਕੇ ਮਿੱਤਲ, ਮੁੱਖ ਇੰਜੀਨੀਅਰ, ਦੱਖਣੀ ਜ਼ੋਨ, ਪਟਿਆਲਾ ਨੇ ਪੀਐੱਸਪੀਸੀਐੱਲ ਦੇ ਖਪਤਕਾਰਾਂ ਅਤੇ ਕਰਮਚਾਰੀਆਂ, ਦੋਵਾਂ ਲਈ ਨਵੇਂ ਸਰਕਲ ਦੇ ਕਈ ਲਾਭਾਂ ਤੇ ਚਾਨਣਾ ਪਾਇਆ, ਬਿਹਤਰ ਸੰਚਾਲਨ ਕੁਸ਼ਲਤਾ ਅਤੇ ਖੇਤਰੀ ਪੱਧਰ ਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ।