ਸੜਕ ਨਿਰਮਾਣ ਬਾਬਤ ਟੀਡੀਆਈ ਦਫ਼ਤਰ ਸਾਹਮਣੇ ਦਿੱਤਾ ਧਰਨਾ
ਪੀਆਰ-6 ਸੜਕ ਨਿਰਮਾਣ ਬਾਬਤ ਟੀਡੀਆਈ ਦਫ਼ਤਰ ਸਾਹਮਣੇ ਦਿੱਤਾ ਧਰਨਾ
Publish Date: Sat, 07 Mar 2026 05:50 PM (IST)
Updated Date: Sun, 08 Mar 2026 04:09 AM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਕਮੇਟੀ ਆਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ (ਕੋਰਵਾਸ) ਅਤੇ ਸੁਸਾਇਟੀਜ਼ ਮੈਗਾ ਮੁਹਾਲੀ ਦੇ ਬੈਨਰ ਥੱਲੇ ਮੈਗਾ ਪ੍ਰੋਜੈਕਟਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਟੀਡੀਆਈ ਦੇ ਮੁੱਖ ਦਫ਼ਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਇਹ ਪੀਆਰ-6 ਸੜਕ ਦੇ ਨਿਰਮਾਣ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਦਿੱਤਾ ਗਿਆ। ਧਰਨੇ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਭਾਵਿਤ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਵਿੰਦਰ ਸਿੰਘ ਸਰਾਓ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸੜਕ ’ਤੇ ਪਹਿਲਾਂ ਹੀ 200 ਕਰੋੜ ਖਰਚ ਕੀਤੇ ਜਾ ਚੁੱਕੇ ਹਨ ਪਰ ਬਿਲਡਰ ਦੀਆਂ ਲੂੰਬੜ ਚਾਲਾਂ ਕਾਰਨ ਇਸ ਸੜਕ ਦਾ ਨਿਰਮਾਣ ਨਹੀਂ ਹੋ ਰਿਹਾ, ਜਦਕਿ ਬਿਲਡਰ ਵੱਲੋਂ ਇਸ ਸੜਕ ਦੇ ਵੱਡ-ਵੱਡੇ ਬੋਰਡ ਲੱਗਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਇਹ ਬਿਲਡਰ ਇਸ ਇਲਾਕੇ ਦੀਆਂ ਜ਼ਮੀਨਾਂ ਨੂੰ ਸਸਤੇ ਭਾਅ ਵਿਚ ਹਥਿਆਉਣਾ ਚਾਹੁੰਦਾ ਹੈ। ਜਿਸ ਕਾਰਨ ਇਹ ਮਾਨਯੋਗ ਅਦਾਲਤ ਵਿਚ ਚਲਦੇ ਕੇਸ ਨੂੰ ਆਨੇ-ਬਹਾਨੇ ਲਾ ਕੇ ਲਮਕਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜਦੋਂ ਇਹ ਬਿਲਡਰ ਇਨ੍ਹਾਂ ਸੜਕਾਂ ਲਈ ਬਣੀ ਸਾਲ 2015 ਦੀ ਨੀਤੀ ਨੂੰ ਪ੍ਰਵਾਨ ਕਰ ਚੁੱਕਾ ਹੈ, ਫਿਰ ਮਾਨਯੋਗ ਅਦਾਲਤ ਵਿਚ ਜਾਣ ਦੀ ਕੋਈ ਤੁੱਕ ਨਹੀਂ ਸੀ ਬਣਦੀ ਪਰ ਇਸ ਬਿਲਡਰ ਵੱਲੋਂ ਇਸ ਸੜਕ ਦੇ ਨਿਰਮਾਣ ਵਿਚ ਦੇਰੀ ਕਰਨ ਲਈ ਹੀ ਕੋਰਟ ਦਾ ਸਹਾਰਾ ਲਿਆ ਗਿਆ ਹੈ। ਇਸ ਬਿਲਡਰ ਨੇ ਇਸ ਸੜਕ ਦੇ ਵੱਡੇ-ਵੱਡੇ ਬੋਰਡ ਲੱਗਾ ਕੇ ਲੋਕਾਂ ਨੂੰ ਲੁੱਟਿਆ ਹੈ। ਇਹ ਬੋਰਡ ਅੱਜ ਵੀ ਲੱਗੇ ਦਿਖਾਈ ਦੇ ਰਹੇ ਹਨ ਪਰ ਬਿਲਡਰ ਵੱਲੋਂ ਆਪ ਹੀ ਸੜਕ ਬਣਾਉਣ ਲਈ ਅੜਚਣਾ ਪੈਦਾ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਗੰਦਗੀ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਸੜਕ ਵਾਲੀ ਥਾਂ ’ਤੇ ਗੰਦਾ ਪਾਣੀ ਭਰ ਕੇ ਖੜ੍ਹ ਜਾਂਦਾ ਹੈ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਬਿਲਡਰ ਗਮਾਡਾ/ਪੁੱਡਾ ਦੇ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਲੋਕਾਂ ਦਾ ਗੁੰਮਰਾਹ ਕਰ ਰਿਹਾ ਹੈ। ਇਸ ਲਈ ਕੋਰਵਾਸ ਨੇ ਫ਼ੈਸਲਾ ਲਿਆ ਹੈ ਕਿ ਇਕ ਅਪ੍ਰੈਲ ਨੂੰ ਪੁੱਡਾ/ਗਮਾਡਾ ਤੇ ਮੁੱਖ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਕੋਰਵਾਸ ਦੇ ਆਗੂਆਂ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਬਿਨ੍ਹਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਬੜੀ ਹੀ ਬਾਖ਼ੂਬੀ ਨਾਲ ਨਿਭਾਈ। ਧਰਨੇ ਨੂੰ ਪਾਲ ਸਿੰਘ ਰੱਤੂ, ਭੁਪਿੰਦਰ ਸਿੰਘ ਸੈਣੀ, ਐਡਵੋਕੇਟ ਗੌਰਵ ਗੋਇਲ, ਜਸਵੀਰ ਸਿੰਘ ਗੜਾਂਗ, ਸੁਖਜਿੰਦਰ ਸਿੰਘ, ਬੁੱਧ ਸਿੰਘ, ਸੁਰਿੰਦਰ ਸਿੰਘ, ਅਨਿਲ ਪਰਾਸ਼ਰ, ਦਲਜੀਤ ਸਿੰਘ ਸੈਣੀ, ਹਰਬੰਸ ਸਿੰਘ, ਕੰਵਰ ਸਿੰਘ ਗੱਲ, ਸੁਮਿਕਸ਼ਾ ਸੂਦ, ਮਨੋਜ ਸ਼ਰਮਾ, ਅਮਰਜੀਤ ਸਿੰਘ, ਰਮਨਦੀਪ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਸਾਧੂ ਸਿੰਘ, ਸੰਤ ਸਿੰਘ, ਕਰਮਜੀਤ ਸਿੰਘ ਸਿੱਧੂ, ਸੰਜੀਵ ਸੋਨੀ, ਅਮਿਤ ਉਬਰਾਏ ਅਤੇ ਹੋਰ ਪਤਵੰਤੇ ਆਗੂਆਂ ਨੇ ਵੀ ਸੰਬੋਧਨ ਕੀਤਾ।