ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ 'ਚ ਰੋਸ : ਪੱਪੀ
ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ 'ਚ ਰੋਸ : ਰਵਿੰਦਰ ਸਿੰਘ ਪੱਪੀ
Publish Date: Thu, 08 Jan 2026 06:30 PM (IST)
Updated Date: Thu, 08 Jan 2026 06:33 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੈਂਕੜੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ ਵੀ ਨਸੀਬ ਨਹੀਂ ਹੋਈ, ਜਦੋਂ ਜਥੇਬੰਦੀ ਵਿਚ ਖ਼ਜ਼ਾਨਾ ਦਫ਼ਤਰ ਗੱਲਬਾਤ ਕੀਤੀ ਗਈ ਤਾਂ ਉੱਚ ਅਧਿਕਾਰੀਆਂ ਵੱਲੋਂ ਤਨਖਾਹ ਦੇ ਬਿੱਲਾਂ ’ਤੇ ਅਣਮਿੱਥੇ ਸਮੇਂ ਤੱਕ ਜ਼ੁਬਾਨੀ ਰੋਕ ਲਾਏ ਜਾਣ ਦੀ ਗੱਲ ਆਖੀ। ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਨੂੰ ਸਿਆਸੀ ਸਟੇਜਾਂ ’ਤੇ ਆਮਤੌਰ ਖ਼ਜ਼ਾਨਾ ਖਾਲੀ ਦੇ ਨਾਮ ’ਤੇ ਭੰਡਦੀ ਨਜ਼ਰ ਆਉਂਦੀ ਰਹੀ ਹੈ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਦਾ ਹਾਲ ਵੀ ਉਨ੍ਹਾਂ ਪੁਰਾਣੀਆਂ ਸਰਕਾਰਾਂ ਤੋਂ ਵੀ ਵੱਧ ਮਾੜਾ ਹੈ। ਦੱਸਣਯੋਗ ਹੈ ਜ਼ਿਲ੍ਹੇ ਵਿਚ ਜਿੱਥੇ ਅਧਿਆਪਕ ਵਰਗ ਤਨਖਾਹਾਂ ਨੂੰ ਤਰਸ ਰਿਹਾ ਹੈ, ਉੱਥੇ ਹੀ ਪੁਲਿਸ ਵਿਭਾਗ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨ। ਇਸ ਮਹਿੰਗਾਈ ਦੇ ਦੌਰ ’ਚ ਹਰ ਵਰਗ ਆਪਣੀ ਤਨਖਾਹ ਦੇ ਹਿਸਾਬ ਨਾਲ ਆਪਣੇ ਖਰਚੇ ਨਿਯਮਤ ਕਰਦਾ ਹੈ ਪਰ ਜਦੋਂ ਸਮੇਂ ’ਤੇ ਤਨਖਾਹ ਨਾ ਮਿਲੇ ਤਾਂ ਸਮੂਹ ਵਰਗ ਮਾਨਸਿਕ ਪਰੇਸ਼ਾਨੀ ਦੇ ਆਲਮ ਵਿਚ ਆ ਜਾਂਦਾ ਹੈ। ਜੇਕਰ ਜ਼ਿਲ੍ਹਾ ਮੁਹਾਲੀ ਦੀ ਗੱਲ ਕਰੀਏ ਤਾਂ ਖਰਚੇ ਦੇ ਪਾਸਿਓਂ ਦੇਖਿਆ ਜਾਵੇ ਤਾਂ ਪੰਜਾਬ ਦੇ ਸਾਰੇ ਜ਼ਿਲਿਆਂ ਵਿਚੋਂ ਮੁਹਾਲੀ ਪਹਿਲੇ ਸਥਾਨ ’ਤੇ ਹੋਵੇਗਾ। ਜ਼ਿਆਦਾਤਰ ਮੁਲਾਜ਼ਮ ਬਾਹਰੋਂ ਆ ਕੇ ਇੱਥੇ ਵੱਸ ਰਹੇ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਆਪਣੀ ਚੰਗੀ ਜ਼ਿੰਦਗੀ ਜਿਉਣ ਲਈ ਵੱਖ-ਵੱਖ ਤਰ੍ਹਾਂ ਦੇ ਲੋਨ ਆਦਿ ਲਏ ਹੁੰਦੇ ਹਨ। ਆਮ ਤੌਰ ’ਤੇ ਇਨ੍ਹਾਂ ਲੋਨਾਂ ਦੀਆਂ ਕਿਸ਼ਤਾਂ ਦੀ ਅਦਾਇਗੀ ਹਰ ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਕਰਨੀ ਹੁੰਦੀ ਹੈ ਪਰ ਜਦੋਂ ਸਮੇਂ ’ਤੇ ਤਨਖਾਹ ਨਹੀਂ ਜਾਰੀ ਹੁੰਦੀ ਤਾਂ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਰਕਾਰ ਨੇ ਤੁਰੰਤ ਤਨਖਾਹ ਨਾ ਜਾਰੀ ਕੀਤੀ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।