ਪ੍ਰਤਾਪ ਬਾਜਵਾ ਦੀ ਅਗਵਾਈ ਵਿਚ ਗਮਾਡਾ ਦੀਆਂ ਧੱਕੇਸ਼ਾਹੀਆਂ ਵਿਰੁੱਧ ਲਾਇਆ ਧਰਨਾ
ਪ੍ਰਤਾਪ ਬਾਜਵਾ ਦੀ ਅਗਵਾਈ ਵਿਚ ਗਮਾਡਾ ਦੀਆਂ ਧੱਕੇਸ਼ਾਹੀਆਂ ਵਿਰੁੱਧ ਲਗਾਇਆ ਧਰਨਾ
Publish Date: Mon, 06 Apr 2026 06:38 PM (IST)
Updated Date: Mon, 06 Apr 2026 06:40 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੁੱਡਾ ਭਵਨ ਦੇ ਬਾਹਰ ਕਿਸਾਨਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ਵਿਚ ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਕਾਂਗਰਸੀ ਵਰਕਰਾਂ ਵੱਲੋਂ ਗਮਾਡਾ ਦੁਆਰਾ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਸਥਾਨਕ ਵਸਨੀਕਾਂ ਨੇ ਸ਼ਮੂਲੀਅਤ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਬਜਾਏ ਜ਼ਮੀਨਾਂ ਹਥਿਆਉਣ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਵਿਚ ਲੱਗੀ ਹੋਈ ਹੈ। ਬਾਜਵਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਆਪਣੇ ਫ਼ੈਸਲੇ ਵਾਪਸ ਨਾ ਲਏ ਤਾਂ ਕਾਂਗਰਸ ਪਾਰਟੀ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਵੱਡਾ ਅੰਦੋਲਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ, ਸਗੋਂ ਹਰ ਪੰਜਾਬੀ ਦੀ ਹੈ, ਜੋ ਆਪਣੇ ਹੱਕਾਂ ਲਈ ਖੜ੍ਹਾ ਹੈ। ਪੰਜਾਬ ਦੇ ਲੋਕ ਹੁਣ ਇਸ ਧੋਖੇ ਨੂੰ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਕਰਾਰਾ ਜਵਾਬ ਦੇਣਗੇ। ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਸਰਕਾਰ ਜ਼ਬਰਦਸਤੀ ਜ਼ਮੀਨ ਐਕੁਆਇਰ ਕਰ ਕੇ ਕਿਸਾਨਾਂ ਨੂੰ ਬੇਘਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਹਾਲਤ ਵਿਚ ਕਿਸਾਨਾਂ ਦੇ ਨਾਲ ਖੜ੍ਹੀ ਰਹੇਗੀ ਅਤੇ ਜ਼ਰੂਰਤ ਪੈਣ ’ਤੇ ਸੜਕਾਂ ਤੋਂ ਲੈ ਕੇ ਅਦਾਲਤਾਂ ਤੱਕ ਲੜਾਈ ਲੜੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਪੂਰਾ ਹੱਕ ਅਤੇ ਇਨਸਾਫ਼ ਮਿਲ ਸਕੇ। ਇਸ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਗਮਾਡਾ ਰਾਹੀਂ ਕਿਸਾਨਾਂ ਨਾਲ ਨਾ-ਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਿਨਾਂ ਯੋਗ ਮੁਆਵਜ਼ਾ ਦਿੱਤੇ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰ ਰਹੀ ਹੈ ਅਤੇ ਬਾਅਦ ਵਿਚ ਪਲਾਟਾਂ ਦੀ ਵੰਡ ਦੌਰਾਨ ਕਿਸਾਨਾਂ ਦੀ ਥਾਂ ਵਪਾਰਕ ਅਦਾਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਹੱਕਾਂ ਨੂੰ ਕੁਚਲ ਕੇ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਿੱਧਾ-ਸਿੱਧਾ ਲੋਕਾਂ ਨਾਲ ਧੋਖਾ ਅਤੇ ਜ਼ੁਲਮ ਹੈ, ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਡਰਾਅ ਵਿਚ ਕੋਨੇ ਜਾਂ ਪਾਰਕ ਸਾਹਮਣੇ ਵਾਲੇ ਪਲਾਟ ਮਿਲਦੇ ਹਨ, ਉਨ੍ਹਾਂ ਤੋਂ ਵੀ ਆਮ ਅਲਾਟੀਆਂ ਵਾਂਗ ਵਾਧੂ ਰਕਮ ਵਸੂਲ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਭਗ 11000 ਏਕੜ ਜ਼ਮੀਨ ਹੋਰ ਐਕੁਆਇਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸਦਾ ਕਾਂਗਰਸ ਪਾਰਟੀ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਰੋਸ ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੱਲੋਂ ਨਿਭਾਈ ਗਈ। ਇਸ ਧਰਨੇ ਨੂੰ ਕੌਂਸਲਰ ਹਰਜੀਤ ਸਿੰਘ ਭੋਲੂ, ਹਰਦਿਆਲ ਚੰਦ ਬਡਬਰ, ਕਿਸਾਨ ਆਗੂ ਮੱਖਣ ਸਿੰਘ ਗੀਗੇਮਾਜਰਾ, ਕਿਸਾਨ ਆਗੂ ਸੁਰਜੀਤ ਸਿੰਘ ਮਾਣਕ ਮਾਜਰਾ, ਗੁਰਪ੍ਰਤਾਪ ਸਿੰਘ ਬੜੀ, ਗੁਰਪ੍ਰੀਤ ਸਿੰਘ ਸ਼ੇਖਣ ਮਾਜਰਾ, ਜਗਰੂਪ ਸਿੰਘ ਢੋਲ ਕੁਰੜੀ ਨੇ ਸੰਬੋਧਨ ਕੀਤਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਕੰਵਰਬੀਰ ਸਿੰਘ ਸਿੱਧੂ, ਕਮਲਜੀਤ ਸਿੰਘ ਚਾਵਲਾ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸੀਨੀਅਰ ਕਾਂਗਰਸੀ ਆਗੂ, ਭਗਤ ਸਿੰਘ ਨਾਮਧਾਰੀ, ਬਲਾਕ ਪ੍ਰਧਾਨ ਪ੍ਰਦੀਪ ਸਿੰਘ ਤੰਗੋਰੀ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਮੰਡਲ ਪ੍ਰਧਾਨ ਹੈਪੀ ਮਲੀਕ, ਮੰਡਲ ਪ੍ਰਧਾਨ ਅਵਤਾਰ ਸਿੰਘ, ਦਵਿੰਦਰ ਕੌਰ, ਬਲਜੀਤ ਕੌਰ, ਜਸਬੀਰ ਸਿੰਘ ਮਾਣਕੂ ਸਾਰੇ ਕੌਂਸਲਰ, ਮੁਕੁਲ ਸ਼ਰਮਾ ਬਲਾਕ ਯੂਥ ਕਾਂਗਰਸ ਪ੍ਰਧਾਨ, ਰਜਿੰਦਰ ਸਿੰਘ ਧਰਮਗੜ੍ਹ, ਜਸਵਿੰਦਰ ਸਿੰਘ ਸ਼ਰਮਾ, ਇੰਦਰਜੀਤ ਸਿੰਘ ਖੋਖਰ, ਆਈਟੀ ਸੈੱਲ ਇੰਚਾਰਜ ਪਰਮਜੀਤ ਸਿੰਘ ਚੌਹਾਨ, ਬਲਜਿੰਦਰ ਲੱਕੀ ਫੇਜ਼-1, ਨਾਹਰ ਸਿੰਘ ਸਰਪੰਚ ਕੁਰੜੀ, ਦਵਿੰਦਰ ਸਿੰਘ ਸਾਬਕਾ ਸਰਪੰਚ ਕੁਰੜਾ, ਮਨਜੀਤ ਸਿੰਘ ਤੰਗੌਰੀ ਮੀਤ ਚੇਅਰਮੈਨ ਬਲਾਕ ਸੰਮਤੀ ਖਰੜ, ਲਖਮੀਰ ਸਿੰਘ ਕਾਲਾ ਪੱਤੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ, ਪਿੰਡਾਂ ਦੇ ਪੰਚ, ਸਰਪੰਚ ਹਾਜ਼ਰ ਸਨ।