ਮਿਸਲ ਸਤਲੁਜ ਨੇ ਰਾਜੀਵ ਗਾਂਧੀ ਦਾ ਨਾਂ ਹਟਾਉਣ ਲਈ ਕੀਤਾ ਰੋਸ ਮੁਜ਼ਾਹਰਾ
ਮਿਸਲ ਸਤਲੁਜ ਨੇ ਰਾਜੀਵ ਗਾਂਧੀ ਦਾ ਨਾਮ ਹਟਾਉਣ ਲਈ ਕੀਤਾ ਪ੍ਰਦਰਸ਼ਨ
Publish Date: Mon, 16 Mar 2026 09:52 PM (IST)
Updated Date: Mon, 16 Mar 2026 09:55 PM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮਿਸਲ ਸਤਲੁਜ ਜਥੇਬੰਦੀ ਵੱਲੋਂ ਯੂਥ ਵਿੰਗ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਬਾਹਰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਪਟਿਆਲਾ ਦੇ ਨਾਂ ਵਿੱਚੋਂ ਰਾਜੀਵ ਗਾਂਧੀ ਦਾ ਨਾਂ ਹਟਾਉਣ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਯਾਦੂ ਨੇ ਕਿਹਾ ਕਿ ਵਿਧਾਨ ਸਭਾ ਦਾ ਸਾਰਾ ਸ਼ੈਸਨ ਆਪਸੀ ਦੂਸਣਬਾਜ਼ੀ ਵਿਚ ਲੰਘਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੰਬਰ 1984 ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਵਾਲੇ ਬਿਆਨਾਂ ਨਾਲ ਜੁੜੇ ਵਿਅਕਤੀ ਦੇ ਨਾਂ ’ਤੇ ਸਿੱਖਿਆ ਸੰਸਥਾ ਦਾ ਨਾਂ ਰੱਖਣਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਯਾਦੂ ਨੇ ਕਿਹਾ ਕਿ ਇਹ ਸਿਰਫ਼ ਨਾਂ ਬਦਲਣ ਦੀ ਗੱਲ ਨਹੀਂ, ਸਗੋਂ ਇਤਿਹਾਸਕ ਨਿਆਂ ਤੇ ਸਿੱਖ ਸਮਾਜ ਦੀਆਂ ਭਾਵਨਾਵਾਂ ਦੇ ਸਤਿਕਾਰ ਦਾ ਮਾਮਲਾ ਹੈ। ਮਿਸਲ ਸਤਲੁਜ ਜਥੇਬੰਦੀ ਨੇ ਰਾਜੀਵ ਗਾਂਧੀ ਦਾ ਨਾਂ ਹਟਾਉਣ ਦੀ ਮੰਗ ਕੀਤੀ। ਹਰਜੀਤ ਸਿੰਘ ਖਿਜ਼ਰਾਬਾਦ ਨੇ ਕਿਹਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਵਿਵਾਦਾਂ ਨਾਲ ਜੁੜੇ ਵਿਅਕਤੀ ਦੇ ਨਾਂ ’ਤੇ ਕਾਨੂੰਨ ਦੀ ਯੂਨੀਵਰਸਿਟੀ ਦਾ ਨਾਂ ਰੱਖਣਾ ਨਿਆਂ ਪ੍ਰਣਾਲੀ ਨਾਲ ਤਮਾਸ਼ੇ ਦੇ ਬਰਾਬਰ ਹੈ। ਕਾਨੂੰਨ ਦੀ ਪੜ੍ਹਾਈ ਇਨਸਾਫ਼, ਜਵਾਬਦੇਹੀ ਤੇ ਸੰਵਿਧਾਨਕ ਮਰਿਆਦਾ ਦਾ ਪਾਠ ਪੜ੍ਹਾਉਂਦੀ ਹੈ। ਸੰਸਥਾ ਦਾ ਨਾਂ ਇਹੋ-ਜਿਹੇ ਵਿਅਕਤੀ ਨਾਲ ਜੋੜਿਆ ਜਾਵੇ, ਜਿਸ ਦਾ ਸਬੰਧ ਵਿਦਵਤਾ ਨਾਲ ਹੋਵੇ।