ਇਨਾਮੀ ਸ਼ਰਾਬ ਤਸਕਰ ਨਵਦੀਪ ਸਿੰਘ ਉਰਫ਼ ਨਵੀ ਗਰੇਵਾਲ ਗ੍ਰਿਫ਼ਤਾਰ
ਇਨਾਮੀ ਸ਼ਰਾਬ ਤਸਕਰ ਨਵਦੀਪ ਸਿੰਘ ਉਰਫ਼ ਨਵੀ ਗਰੇਵਾਲ ਗ੍ਰਿਫ਼ਤਾਰ
Publish Date: Mon, 05 Jan 2026 10:10 PM (IST)
Updated Date: Mon, 05 Jan 2026 10:11 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਯੂਪੀ ਪੁਲਿਸ ਅਤੇ ਐੱਸਟੀਐੱਫ ਦੀ ਟੀਮ ਨੇ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਹੇ ਇਕ ਲੱਖ ਰੁਪਏ ਦੇ ਇਨਾਮੀ ਸ਼ਰਾਬ ਤਸਕਰ ਨਵਦੀਪ ਸਿੰਘ ਉਰਫ਼ ਨਵੀ ਗਰੇਵਾਲ ਉਰਫ਼ ਲੱਕੀ ਸਿੰਘ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਤਸਕਰ ਕਈ ਸਾਲਾ ਤੋਂ ਨਾਜਾਇਜ਼ ਸ਼ਰਾਬ ਦੇ ਧੰਦੇ ਵਿਚ ਸਰਗਰਮ ਸੀ ਅਤੇ ਵੱਖ-ਵੱਖ ਸੂਬਿਆਂ ਵਿਚ ਫੈਲੇ ਇਕ ਸੁਚੱਜੇ ਤਸਕਰੀ ਗਿਰੋਹ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਜ਼ੀਰਕਪੁਰ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਅਤੇ ਸੋਮਵਾਰ ਨੂੰ ਆਪਣੇ ਹੀ ਘਰ ਵਿਚ ਲੁਕਿਆ ਹੋਇਆ ਸੀ, ਜਿੱਥੋਂ ਯੂਪੀ ਪੁਲਿਸ ਉਸ ਨੂੰ ਕਾਬੂ ਕਰ ਕੇ ਆਪਣੇ ਨਾਲ ਲੈ ਗਈ ਹੈ। ਉਸ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਨਵਾਬਗੰਜ ਥਾਣੇ ਸਮੇਤ ਰਾਜ ਦੇ ਕਈ ਹੋਰ ਜ਼ਿਲ੍ਹਿਆਂ ਵਿਚ ਕੇਸ ਦਰਜ ਦੱਸੇ ਜਾ ਰਹੇ ਹਨ। ਪੁਲਿਸ ਰਿਕਾਰਡ ਮੁਤਾਬਕ ਲੱਕੀ ਸਿੰਘ ਨਾਜਾਇਜ਼ ਸ਼ਰਾਬ ਤਸਕਰੀ ਦੇ ਇਕ ਸਰਗਰਮ ਗਿਰੋਹ ਨੂੰ ਚਲਾ ਰਿਹਾ ਸੀ। ਇਸ ਗਿਰੋਹ ਵਿਚ ਉਸ ਦਾ ਮੁੱਖ ਸਾਥੀ ਮਨਵੀਰ ਸਿੰਘ ਉਰਫ਼ ਮੰਨੂ ਪੁੱਤਰ ਸਤਿਆਵਾਨ ਸਿੰਘ ਹੈ, ਜੋ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਯਾਨਾ ਖੇੜਾ ਪਿੰਡ ਦਾ ਰਹਿਣ ਵਾਲਾ ਹੈ। ਦੋਵੇਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਸੂਬਿਆਂ ਵਿਚ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਦੇ ਰਹੇ ਹਨ। ਨਵਦੀਪ ਸਿੰਘ ’ਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਬਿਹਾਰ ਅਤੇ ਝਾਰਖੰਡ ਰਾਜ ਵਿਚ ਵੀ ਸ਼ਰਾਬ ਤਸਕਰੀ ਕਰਨ ਦੇ ਗੰਭੀਰ ਦੋਸ਼ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਿਛਲੇ ਸਮੇਂ ਦੌਰਾਨ ਚੰਡੀਗੜ੍ਹ ਤੋਂ ਟਰੱਕਾਂ ਵਿਚ ਨਾਜਾਇਜ਼ ਸ਼ਰਾਬ ਲੱਦ ਕਰ ਕੇ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤਕ ਸਪਲਾਈ ਕੀਤੀ ਜਾਂਦੀ ਰਹੀ ਹੈ। ਸਾਲ 2023 ’ਚ ਨਵਦੀਪ ਸਿੰਘ ਨੇ ਆਪਣੇ ਸਾਥੀ ਆਨੰਦ ਕੁਮਾਰ ਨਾਲ ਮਿਲ ਕੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਿਹਾਰ ਅਤੇ ਝਾਰਖੰਡ ਭੇਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਐੱਸਟੀਐੱਫ਼ ਨੇ ਪ੍ਰਯਾਗਰਾਜ ਜ਼ਿਲ੍ਹੇ ਵਿਚ ਫੜ ਲਿਆ ਸੀ। ਇਸ ਮਾਮਲੇ ਵਿਚ ਨਵਾਬਗੰਜ ਥਾਣੇ ਵਿਚ ਕੇਸ ਦਰਜ ਕਰ ਕੇ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਸੀ। ਇਸ ਕੇਸ ਵਿਚ ਇਨਾਮ ਦਾ ਐਲਾਨ ਹੋਣ ਤੋਂ ਬਾਅਦ ਨਵਦੀਪ ਸਿੰਘ ਪੁਲਿਸ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਥਾਵਾਂ ਬਦਲਦਾ ਰਿਹਾ। ਇਕ ਗੁਪਤ ਸੂਚਨਾ ’ਤੇ ਉਸ ਦੀ ਪੈੜ ਨਪਦਿਆਂ ਯੂਪੀ ਪੁਲਿਸ ਨੇ ਨਵੀ ਨੂੰ ਕਾਬੂ ਕਰ ਲਿਆ। ਹੁਣ ਪੁਲਿਸ ਗ੍ਰਿਫ਼ਤਾਰ ਤਸਕਰ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਗਿਰੋਹ ਦੇ ਸਾਥੀਆਂ ਅਤੇ ਨਾਜਾਇਜ਼ ਸ਼ਰਾਬ ਸਪਲਾਈ ਦੇ ਰੂਟਾਂ ਬਾਰੇ ਵਧੇਰੇ ਜਾਂਚ ਕੀਤੀ ਜਾ ਰਹੀ ਹੈ।