ਪ੍ਰਿੰਸੀਪਲ ਸਰੀਤਾ ਯਾਦਵ ’ਤੇ ਫੇਰ ਲੱਗੇ ਧੱਕੇਸ਼ਾਹੀ ਕਰਨ ਦੇ ਦੋਸ਼
ਪ੍ਰਿੰਸੀਪਲ ਸਰੀਤਾ ਯਾਦਵ ’ਤੇ ਫੇਰ ਲੱਗੇ ਧੱਕੇਸ਼ਾਹੀ ਕਰਨ ਦੇ ਦੋਸ਼
Publish Date: Tue, 31 Mar 2026 07:00 PM (IST)
Updated Date: Wed, 01 Apr 2026 04:13 AM (IST)

ਪਰਚੇ ਵੰਡਣ ਵਾਲੀ ਔਰਤ ਨਾਲ ਕੀਤੀ ਬਦਸਲੁਕੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ ਡੀਏਵੀ ਪਬਲਿਕ ਸਕੂਲ਼ ਡੇਰਾਬੱਸੀ ਦੀ ਪ੍ਰਿੰਸੀਪਲ ਸਰੀਤਾ ਯਾਦਵ ’ਤੇ ਇਕ ਵਾਰ ਫੇਰ ਗੁੰਡਾਗਰਦੀ ਤੇ ਬਦਸਲੁਕੀ ਕਰਨ ਦੇ ਦੋਸ਼ ਲਗੇ ਹਨ। ਪ੍ਰਿੰਸੀਪਲ ਸਰੀਤਾ ਯਾਦਵ ’ਤੇ ਗੁੰਡਾਗਰਦੀ ਤੇ ਬਦਸਲੂਕੀ ਕਰਨ ਦੇ ਦੋਸ਼ ਮੀਨਾਕਸ਼ੀ ਨਾਂ ਦੀ ਇਕ ਔਰਤ ਨੇ ਲeਏ ਹਨ, ਜਿਨ੍ਹਾਂ ਦੀ ਬਰਵਾਲਾ ਸੜਕ ’ਤੇ ਸਕੂਲੀ ਵਰਦੀਆਂ ਤੇ ਹੋਰ ਸਾਮਾਨ ਦੀ ਦੁਕਾਨ ਹੈ। ਔਰਤ ਦਾ ਕਹਿਣਾ ਹੈ ਕਿ ਉਹ ਆਪਣੀ ਦੁਕਾਨ ਦੀ ਮਸ਼ਹੂਰੀ ਕਰਨ ਲਈ ਦੁਕਾਨ ਦੇ ਪਰਚੇ ਤੇ ਵਿਜਟਿੰਗ ਕਾਰਡ ਸਕੂਲ ਦੇ ਬਾਹਰ ਵੰਡ ਰਹੀ ਸੀ> ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਸਰੀਤਾ ਯਾਦਵ ਸਟਾਫ਼ ਦੇ ਨਾਲ ਸਕੂਲ ਦੇ ਬਾਹਰ ਆਈ ਤੇ ਗੁੰਡਾਗਰਦੀ ਕਰਦੇ ਬਦਸਲੁਕੀ ਕਰਨ ਲੱਗ ਗਈ। ਔਰਤ ਨੇ ਦੋਸ਼ ਲਾਇਆ ਕਿ ਉਹ ਸਕੂਲ ਦੇ ਬਾਹਰ ਮੌਜੂਦ ਸੀ, ਜਿੱਥੇ ਆਉਣ ਵਾਲੇ ਲੋਕਾਂ ਨੂੰ ਆਪਣੀ ਦੁਕਾਨ ਦੇ ਪਰਚੇ ਵੰਡ ਰਹੀ ਸੀ। ਪ੍ਰਿੰਸੀਪਲ ਉਸ ਕੋਲ ਆਈ ਤੇ ਧਮਕੀਆਂ ਦਿੰਦੇ ਹੋਏ ਉਸ ਨਾਲ ਬਦਸਲੁਕੀ ਕੀਤੀ। ਉਸ ਕੋਲੋਂ ਜਬਰਨ ਪਰਚੇ ਖੋਹ ਕੇ ਲੈ ਗਈ। ਔਰਤ ਨੇ ਦੋਸ਼ ਲਾਇਆ ਕਿ ਇਕ ਸਕੂਲ ਦੀ ਪ੍ਰਿੰਸੀਪਲ ਦਾ ਅਜਿਹਾ ਰਵੱਈਆ ਹੈਰਾਨੀ ਵਾਲਾ ਹੈ, ਜੋ ਪੂਰੇ ਸਕੂਲ ਦੇ ਬੱਚਿਆਂ ਤੇ ਸਕੂਲ ਸਟਾਫ਼ ਦੀ ਰੋਲ ਮਾਡਲ ਹੁੰਦੀ ਹੈ ਤੇ ਅਜਿਹੀ ਉਚੇ ਅਹੁਦੇ ’ਤੇ ਬੈਠਣ ਵਾਲੀ ਔਰਤ ਵੱਲੋਂ ਦੂਜੀ ਔਰਤ ਨਾਲ ਅਜਿਹਾ ਸਲੂਕ ਕਰਨਾ ਸਮਝ ਤੋਂ ਪਰ੍ਹੇ ਹੈ। ਉਕਤ ਔਰਤ ਨੇ ਦੱਸਿਆ ਕਿ ਉਨ੍ਹਾਂ ਨੇ ਡੇਰਾਬੱਸੀ ਵਿਖੇ ਸਕੂਲ ਦੀ ਵਰਦੀਆਂ ਸਮੇਤ ਹੋਰ ਸਾਮਾਨ ਦੀ ਨਵੀਂ ਦੁਕਾਨ ਖੋਲ੍ਹੀ ਹੈ। ਉਹ ਵੱਖ-ਵੱਖ ਸਕੂਲਾਂ ਦੇ ਬਾਹਰ ਆਪਣੀ ਦੁਕਾਨ ਦੀ ਮਸ਼ਹੂਰੀ ਵਾਲੇ ਪਰਚੇ ਤੇ ਵਿਜਟਿੰਗ ਕਾਰਡ ਵੰਡ ਚੁੱਕੀ ਸੀ ਤੇ ਹੋਰ ਕਿਸੇ ਸਕੂਲ ਦੀ ਪ੍ਰਿੰਸੀਪਲ ਜਾਂ ਪ੍ਰਬੰਧਕਾਂ ਨੇ ਅਜਿਹਾ ਸਲੂਕ ਜਾਂ ਗੁੰਡਾਗਰਦੀ ਨਹੀਂ ਕੀਤੀ, ਜਿਵੇਂ ਡੀਏਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸਰੀਤਾ ਯਾਦਵ ਨੇ ਸਟਾਫ਼ ਦੇ ਨਾਲ ਮਿਲ ਕੇ ਕੀਤਾ ਹੈ। ਔਰਤ ਨੇ ਦੋਸ਼ ਲਾਇਆ ਕਿ ਸਰਕਾਰ ਨੇ ਵੀ ਪਾਬੰਦੀ ਲਾਈ ਹੋਈ ਹੈ ਕਿ ਬੱਚੇ ਕਿਸੇ ਵੀ ਥਾਂ ਤੋਂ ਵਰਦੀ, ਕਿਤਾਬਾਂ ਖ਼ਰੀਦ ਸਕਦੇ ਹਨ। ਸਕੂਲ ਸਟਾਫ਼ ਕਿਸੇ ਇਕ ਦੁਕਾਨ ਤੋਂ ਵਰਦੀਆਂ, ਕਿਤਾਬਾਂ ਲੈਣ ਲਈ ਮਜਬੂਰ ਨਹੀਂ ਕਰ ਸਕਦਾ। ਇਸ ਸਕੂਲ ਦੀ ਪ੍ਰਿੰਸੀਪਲ ਵੱਲੋਂ ਕੀਤੀ ਬਦਸਲੁਕੀ ਵੇਖ ਜਾਪਦਾ ਹੈ ਕਿ ਉਕਤ ਪ੍ਰਿੰਸੀਪਲ ਦੀ ਕਿਸੇ ਇਕ ਵਰਦੀਆਂ ਵਾਲੀ ਦੁਕਾਨਦਾਰ ਨਾਲ ਮਿਲੀਭੁਗਤ ਹੈ ਜਾਂ ਫੇਰ ਜਿਸ ਦੁਕਾਨ ਤੋਂ ਉਕਤ ਸਕੂਲ ਦੀ ਵਰਦੀ ਮਿਲਦੀ ਹੈ, ਉਸ ਵੱਲੋਂ ਸਕੂਲ ਜਾਂ ਪ੍ਰਿੰਸੀਪਲ ਨੂੰ ਕੋਈ ਵੱਖ ਤੋਂ ਫ਼ਾਇਦਾ ਪਹੁੰਚਾਇਆ ਜਾਂਦਾ ਹੈ, ਜਿਸ ਦੇ ਚੱਲਦੇ ਪ੍ਰਿੰਸੀਪਲ ਨਹੀਂ ਚਾਹੁੰਦੀ ਕਿ ਕੋਈ ਹੋਰ ਉਨ੍ਹਾਂ ਦੇ ਸਕੂਲ ਦੀ ਵਰਦੀ ਇਸ ਸ਼ਹਿਰ ’ਚ ਵੇਚੇ। ਔਰਤ ਨੇ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਬੱਚਿਆਂ ਦੇ ਮਾਪਿਆਂ ਨਾਲ ਹੋ ਰਹੀ ਲੁੱਟ ਬੰਦ ਹੋ ਸਕੇ। ਦਸਣਯੋਗ ਹੈ ਕਿ ਇਸੇ ਪ੍ਰਿੰਸੀਪਲ ਸਰੀਤਾ ਯਾਦਵ ’ਤੇ ਇਕ ਬਜ਼ੁਰਗ ਗਰੀਬ ਔਰਤ ਦਾ ਸਕੂਲ ਨਾਲ ਚਾਹ ਵਾਲਾ ਖੋਖਾ ਤੁੜਵਾਉਣ ਦੇ ਦੋਸ਼ ਲੱਗ ਚੁੱਕੇ ਹਨ। ਇਸ ਮਾਮਲੇ ਦੀ ਬਜ਼ੁਰਗ ਔਰਤ ਕੋਲ ਵੀਡੀਓ ਵੀ ਮੌਜੂਦ ਹੈ, ਜਿਸ ’ਚ ਸਕੂਲ ਸਟਾਫ਼ ਖੋਖਾ ਤੋੜ ਕੇ ਭੱਜਦੇ ਨਜ਼ਰ ਆ ਰਹੇ ਹਨ। ਤ੍ਰਿਵੇਦੀ ਕੈਂਪ ਦੀ ਰਹਿਣ ਵਾਲੀ ਬਜ਼ੁਰਗ ਔਰਤ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ। ਇਸ ਬਾਰੇ ਗੱਲ ਕਰਨ ’ਤੇ ਪ੍ਰਿੰਸੀਪਲ ਸਰੀਤਾ ਯਾਦਵ ਨਾਲ ਗੱਲ ਕਰਨ ’ਤੇ ਉਹ ਇਸ ਮਾਮਲੇ ਤੋਂ ਅਣਜਾਣ ਬਣ ਗਏ। ਉਨ੍ਹਾਂ ਕਿਹਾ ਕਿ ਉਹ ਅੱਜ ਸਕੂਲ ਤੋਂ ਬਾਹਰ ਹੀ ਨਹੀਂ ਨਿਕਲੇ। ਦੱਸਣਯੋਗ ਹੈ ਕਿ ਉਕਤ ਪ੍ਰਿੰਸੀਪਲ ਖ਼ਿਲਾਫ਼ ਅਜਿਹੇ ਕਈ ਦੋਸ਼ ਪਹਿਲਾਂ ਵੀ ਲੱਗ ਚੁੱਕੇ ਹਨ ਤੇ ਪ੍ਰਿੰਸੀਪਲ ਸਬੂਤ ਹੋਣ ਦੇ ਬਾਵਜੂਦ ਹਰੇਕ ਮਾਮਲੇ ਨੂੰ ਝੂਠਾ ਦਸ ਦਿੰਦੀ ਹੈ। ਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਖੋਖਾ ਤੋੜਨ ਵਾਲੇ ਮਾਮਲੇ ਦੀ ਸ਼ਿਕਾਇਤ ਡੇਰਾਬੱਸੀ ਥਾਣੇ ’ਚ ਆਈ ਹੋਈ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਅੱਜ ਵਾਲੀ ਘਟਨਾ ਬਾਰੇ ਉਨ੍ਹਾਂ ਨੂੰ ਫਿਲਹਾਲ ਕੋਈ ਸ਼ਿਕਾਇਤ ਨਹੀਂ ਮਿਲੀ, ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਕੀਤੀ ਜਾਵੇਗੀ।