ਸੀਜੀਸੀ ਲਾਂਡਰਾਂ ਵਿਖੇ ਪ੍ਰੀ-ਸਮਿੱਟ ਪ੍ਰੋਗਰਾਮ ਦਾ ਆਯੋਜਨ
ਸੀਜੀਸੀ ਲਾਂਡਰਾਂ ਵਿਖੇ ਪ੍ਰੀ-ਸਮਿੱਟ ਪ੍ਰੋਗਰਾਮ ਦਾ ਆਯੋਜਨ
Publish Date: Tue, 10 Feb 2026 08:15 PM (IST)
Updated Date: Wed, 11 Feb 2026 04:15 AM (IST)

ਫੋਟੋ ਕੈਪਸ਼ਨ : ਸੀਜੀਸੀ ਲਾਂਡਰਾਂ ਵਿਖੇ ਪ੍ਰੀ-ਸਮਿੱਟ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਸਮੇਤ ਪਤਵੰਤੇ। 17ਪੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ (ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਵੱਲੋਂ ਸਮਰੱਥਤ), ਵੱਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਸਹਿਯੋਗ ਨਾਲ ‘ਏਆਈ ਇਮਪੈਕਟ ਸਮਿੱਟ-2026’ ਦੇ ਪ੍ਰੀ-ਸਮਿੱਟ ਪ੍ਰੋਗਰਾਮ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕੀਤੀ ਗਈ। ਇਸ ਦਾ ਮੁੱਖ ਵਿਸ਼ਾ ‘ਏਆਈ ਸੰਚਾਲਿਤ ਖੋਜ ਅਤੇ ਨਵੀਨਤਾ ਦਾ ਕਨਵਰਜੈਂਸ (ਕੰਵਰਜੈਂਸ ਆਫ਼ ਏਆਈ ਅਨੇਬਲਡ ਰਿਸਰਚ ਐਂਡ ਇਨੋਵੇਸ਼ਨ)’ ਤੇ ਆਧਾਰਤ ਰਿਹਾ। ਇਸ ਪ੍ਰੋਗਰਾਮ ਨੇ ਸੀਜੀਸੀ ਲਾਂਡਰਾਂ ਦੀ ਭੂਮਿਕਾ ਨੂੰ ਏਆਈ ਸਮਰੱਥ ਖੋਜ, ਨਵੀਨਤਾ ਅਤੇ ਨੈਸ਼ਨਲ ਕਪੈਸਿਟੀ ਬਿਲਡਿੰਗ ਲਈ ਇਕ ਉਤਪ੍ਰੇਰਕ ਵਜੋਂ ਉਜਾਗਰ ਕੀਤਾ। ਇਸ ਪ੍ਰੀ-ਸਮਿੱਟ ਪਹਿਲਕਦਮੀਂ ਨੇ ਅਕਾਦਮਿਕ ਜਗਤ, ਉਦਯੋਗ, ਸਰਕਾਰ, ਨੀਤੀ ਨਿਰਮਾਤਾਵਾਂ ਅਤੇ ਸਟਾਰਟਅੱਪਸ ਨੂੰ ਇਕੋ ਮੰਚ ’ਤੇ ਇਕੱਠਾ ਕੀਤਾ ਤਾਂ ਜੋ ਸਮਾਜਿਕ ਵਿਕਾਸ ਨੂੰ ਸਮਾਵੇਸ਼ੀ ਬਣਾਉਣ ਲਈ ਏਆਈ ਚਾਲਿਤ ਖੋਜ ਅਤੇ ਨਵੀਨਤਾ ਦੇ ਸੰਮੇਲਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਆਤਮਨਿਰਭਰ ਭਾਰਤ, ਉਦਯੋਗ 5.0 ਅਤੇ ਏਆਈ ਆਧਾਰਿਤ ਟਿਕਾਊ ਵਿਕਾਸ ’ਤੇ ਕੇਂਦਰਿਤ ਇਸ ਪ੍ਰੋਗਰਾਮ ਨੇ ਅੰਤਰ ਅਨੁਸ਼ਾਸਨੀ ਖੋਜ ਨੂੰ ਉਤਸ਼ਾਹਤ ਕੀਤਾ, ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਢਾਂਚੇ ਦੇ ਤਹਿਤ ਸੰਸਥਾਗਤ ਨਵੀਨਤਾ ਇਕੋਸਿਸਟਮ ਨੂੰ ਮਜ਼ਬੂਤ ਕੀਤਾ ਅਤੇ ਉੱਦਮਤਾ ਅਤੇ ਸਟਾਰਟਅੱਪ ਭਾਗੀਦਾਰੀ ਨੂੰ ਬੜਾਵਾ ਦਿੱਤਾ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੇ ਫੈਕਲਟੀ, ਖੋਜਕਾਰਾਂ ਅਤੇ ਵਿਦਿਆਰਥੀਆਂ ਵਿਚ ਜਨਰੇਟਿਵ ਏਆਈ ਅਤੇ ਏਜੰਟਿਕ ਏਆਈ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਸਬੰਧੀ ਜ਼ੋਰ ਦਿੱਤਾ ਅਤੇ ਨਵੀਨਤਾ ਨੀਤੀਆਂ, ਖੋਜ ਅਨੁਵਾਦ ਅਤੇ ਵਪਾਰੀਕਰਨ ਦੇ ਮੌਕਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿਚ ਪ੍ਰੋਫੈਸਰ (ਡਾ.) ਨੇਹਾ ਸ਼ਰਮਾ, ਡੀਨ (ਖੋਜ ਅਤੇ ਵਿਕਾਸ), ਅਤੇ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਐੱਚਐੱਸ ਜਟਾਨਾ, ਸਾਬਕਾ ਵਿਗਿਆਨੀ-ਜੀ, ਪੁਲਾੜ ਵਿਭਾਗ, ਭਾਰਤ ਸਰਕਾਰ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਨਿਰਮਲ ਨੰਬੀਆਰ, ਸੰਸਥਾਪਕ ਅਤੇ ਸੀਈਓ, ਓਕਲੌਸ ਏਜੀਆਈ ਮੌਜੂਦ ਰਹੇ, ਜਿਨ੍ਹਾਂ ਨੇ ਉਦਯੋਗਿਕ ਦ੍ਰਿਸ਼ਟੀਕੋਣ ਸਾਂਝੇ ਕੀਤੇ, ਜਦਕਿ ਡਾ.ਓਂਕਾਰ ਨਾਥ ਤਿਵਾੜੀ, ਵਿਗਿਆਨੀ-ਐੱਫ, ਬਾਇਓਟੈਕਨਾਲੋਜੀ ਵਿਭਾਗ ਨੇ ਬਾਇਓਟੈਕਨਾਲੋਜੀ ਅਤੇ ਏਆਈ ਸੰਮੇਲਨ (ਕਨਵਰਜੈਂਸ) ਸਬੰਧੀ ਇਕ ਵਰਚੁਅਲ ਭਾਸ਼ਣ ਦਿੱਤਾ। ਇਸ ਦੇ ਨਾਲ ਹੀ ਅੰਕੁਸ਼ ਗਾਵਰੀ, ਇਨੋਵੇਸ਼ਨ ਮੈਨੇਜਰ, ਐੱਮਓਈ ਇਨੋਵੇਸ਼ਨ ਸੈੱਲ, ਏਆਈਸੀਟੀਈ ਨੇ ਉੱਦਮਤਾ ਅਤੇ ਸੰਸਥਾਗਤ ਸਹਿਯੋਗ ’ਤੇ ਚਾਨਣਾ ਪਾਇਆ।