ਜਨਗਣਨਾ-2027 ਦੀਆਂ ਤਿਆਰੀਆਂ ਤੇਜ਼
ਜਨਗਣਨਾ-2027 ਦੀਆਂ ਤਿਆਰੀਆਂ ਤੇਜ਼, ਦੋ ਦਿਨਾਂ ਦੀ ਟਰੇਨਿੰਗ ਸਫ਼ਲਤਾਪੂਰਵਕ ਕਰਵਾਈ : ਏਡੀਸੀ
Publish Date: Fri, 06 Mar 2026 05:44 PM (IST)
Updated Date: Fri, 06 Mar 2026 05:48 PM (IST)

ਦੋ ਦਿਨਾਂ ਦੀ ਟਰੇਨਿੰਗ ਸਫ਼ਲਤਾਪੂਰਵਕ ਕਰਵਾਈ : ਏਡੀਸੀ ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅਗਾਮੀ ਜਨਗਣਨਾ 2027 ਦੀਆਂ ਤਿਆਰੀਆਂ ਦੇ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਾਊਸਲਿਸਟਿੰਗ ਅਤੇ ਹਾਊਸਿੰਗ ਜਨਗਣਨਾ ਸਬੰਧੀ ਜ਼ਿਲ੍ਹਾ/ਚਾਰਜ ਅਫ਼ਸਰਾਂ ਅਤੇ ਰੈਗੂਲਰ/ਤਕਨੀਕੀ ਸਹਾਇਕਾਂ ਲਈ ਦੋ ਦਿਨਾਂ ਦੀ ਵਿਸ਼ੇਸ਼ ਟਰੇਨਿੰਗ ਸ਼ੁੱਕਰਵਾਰ ਨੂੰ ਸਫ਼ਲਤਾਪੂਰਵਕ ਮੁਕੰਮਲ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਗੀਤਿਕਾ ਸਿੰਘ ਨੇ ਦੱਸਿਆ ਕਿ ਇਹ ਟਰੇਨਿੰਗ ਜਨਗਣਨਾ ਵਿਭਾਗ ਪੰਜਾਬ, ਚੰਡੀਗੜ੍ਹ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ, ਜਿਸ ਦੌਰਾਨ ਭਾਗੀਦਾਰਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਜ਼ਿੰਮੇਵਾਰੀਆਂ ਅਤੇ ਕਾਰਜ-ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਹੋਏ ਸੈਸ਼ਨ ਬਹੁਤ ਹੀ ਜਾਣਕਾਰੀ ਭਰਪੂਰ ਰਹੇ। ਇਸ ਦੌਰਾਨ ਭਾਗੀਦਾਰਾਂ ਨੂੰ ਜਨਗਣਨਾ 2027 ਨਾਲ ਸਬੰਧਤ ਭੂਮਿਕਾਵਾਂ, ਕਾਨੂੰਨੀ ਪ੍ਰਾਵਧਾਨਾਂ, ਹਾਊਸਲਿਸਟਿੰਗ ਓਪਰੇਸ਼ਨ ਸ਼ੈਡਿਊਲ ਅਤੇ ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ ਮੋਡੀਊਲ ਸਮੇਤ ਹਾਊਸਲਿਸਟਿੰਗ ਓਪਰੇਸ਼ਨ ਦੇ ਪ੍ਰਬੰਧਨ ਅਤੇ ਮਾਨੀਟਰਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟਰੇਨਿੰਗ ਵਿਚ ਸ਼ਾਮਲ ਅਧਿਕਾਰੀਆਂ ਨੇ ਸੈਸ਼ਨਾਂ ਦੌਰਾਨ ਸੁਆਲ ਜੁਆਬ ਵੀ ਕੀਤੇ ਅਤੇ ਵੱਖ-ਵੱਖ ਮੋਡੀਊਲਾਂ ਸਬੰਧੀ ਆਪਣੇ ਸ਼ੱਕ ਵੀ ਦੂਰ ਕੀਤੇ। ਏਡੀਸੀ ਗੀਤਿਕਾ ਸਿੰਘ ਨੇ ਦੱਸਿਆ ਕਿ ਜਨਗਣਨਾ ਦਾ ਨਾਅਰਾ “ਜਨਗਣਨਾ ਸੇ ਜਨਕਲਿਆਣ” ਹੈ, ਜੋ ਦੇਸ਼ ਦੀ ਸਮਾਜਿਕ ਅਤੇ ਆਰਥਿਕ ਯੋਜਨਾ ਬਣਾਉਣ ਵਿਚ ਇਸ ਪ੍ਰਕਿਰਿਆ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਦੇਸ਼ ਦੇ ਵਿਕਾਸ ਅਤੇ ਭਵਿੱਖੀ ਨੀਤੀਆਂ ਦਾ ਅਹਿਮ ਆਧਾਰ ਬਣੇਗੀ। ਉਨ੍ਹਾਂ ਦੱਸਿਆ ਕਿ ਜਨਗਣਨਾ ਪ੍ਰਕਿਰਿਆ ਦੇ ਤਹਿਤ ਸੈਲਫ਼ ਇਨਿਊਮੇਰੇਸ਼ਨ (ਸਵੈ ਗਣਨਾ) ਦੀ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ 2026 ਤੱਕ ਚੱਲੇਗੀ, ਜਦਕਿ ਹਾਊਸਲਿਸਟਿੰਗ ਅਤੇ ਹਾਊਸਿੰਗ ਜਨਗਣਨਾ ਦਾ ਫ਼ੀਲਡਵਰਕ 15 ਮਈ ਤੋਂ 13 ਜੂਨ 2026 ਤੱਕ ਕੀਤਾ ਜਾਵੇਗਾ। ਇਸ ਦੌਰਾਨ ਘਰ-ਘਰ ਜਾ ਕੇ ਘਰਾਂ ਅਤੇ ਆਬਾਦੀ ਨਾਲ ਸਬੰਧਤ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚੋਂ ਮਾਸਟਰ ਟਰੇਨਰਾਂ ਦੀ ਚੋਣ ਕਰ ਲਈ ਗਈ ਹੈ, ਜੋ ਚੰਡੀਗੜ੍ਹ ਵਿਖੇ ਹੋਣ ਵਾਲੀ ਅਗਲੀ ਟਰੇਨਿੰਗ ਵਿਚ ਭਾਗ ਲੈਣਗੇ। ਇਸ ਤੋਂ ਬਾਅਦ ਇਹ ਮਾਸਟਰ ਟਰੇਨਰ ਜ਼ਿਲ੍ਹੇ ਦੇ ਫੀਲਡ ਟਰੇਨਰਾਂ ਨੂੰ ਟਰੇਨਿੰਗ ਦੇਣਗੇ ਅਤੇ ਟਰੇਨਿੰਗ ਦੀ ਇਹ ਲੜੀ ਅੱਗੇ ਵਧਾਉਂਦੇ ਹੋਏ ਇਨਿਊਮੇਰੇਟਰਾਂ ਅਤੇ ਸੁਪਰਵਾਈਜ਼ਰਾਂ ਦੀ ਟਰੇਨਿੰਗ ਵੀ ਕਰਵਾਈ ਜਾਵੇਗੀ। ਏਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਜਨਗਣਨਾ ਸੈੱਲ ਵੱਲੋਂ ਟਰੇਨਿੰਗ ਦੇ ਸੁਚਾਰੂ ਆਯੋਜਨ ਨੂੰ ਯਕੀਨੀ ਬਣਾਇਆ ਗਿਆ, ਜਿਸ ਵਿਚ ਖ਼ਾਸ ਤੌਰ ’ਤੇ ਰਣਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਮਹੱਤਵਪੂਰਣ ਭੂਮਿਕਾ ਨਿਭਾਈ ਗਈ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਨਾਲ ਜ਼ਿਲ੍ਹੇ ਵਿਚ ਜਨਗਣਨਾ ਦੀ ਪ੍ਰਕਿਰਿਆ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਮਦਦ ਮਿਲੇਗੀ। ਦੋ ਦਿਨਾਂ ਇਹ ਸਿਖਲਾਈ ਚਾਰਜ ਅਫ਼ਸਰਾਂ ਅਤੇ ਤਕਨੀਕੀ ਸਹਾਇਕਾਂ ਲਈ ਸੀ।