ਮਾਹਰ ਡਾਕਟਰਾਂ ਕੋਲੋਂ ਹੀ ਜਾਂਚ ਕਰਵਾਉਣ ਗਰਭਵਤੀਆਂ : ਡਾ. ਸੰਗੀਤਾ ਜੈਨ
ਗਰਭਵਤੀ ਔਰਤਾਂ ਮਾਹਰ ਡਾਕਟਰਾਂ ਕੋਲੋਂ ਹੀ ਜਾਂਚ ਕਰਵਾਉਣ: ਡਾ. ਸੰਗੀਤਾ ਜੈਨ,
Publish Date: Thu, 02 Apr 2026 05:36 PM (IST)
Updated Date: Thu, 02 Apr 2026 05:40 PM (IST)

ਸਿਵਲ ਸਰਜਨ ਨੇ ਮਾਤਰੀ ਮੌਤਾਂ ਸਬੰਧੀ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਕੀਤੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਗਰਭਵਤੀਆਂ ਸਮੇਂ ਸਿਰ ਮਿਆਰੀ ਇਲਾਜ ਸ਼ੁਰੂ ਕੀਤਾ ਜਾ ਸਕੇ। ਇਹ ਗੱਲ ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਸਬੰਧੀ ਜ਼ਿਲ੍ਹਾ ਪੱਧਰੀ ਰੀਵਿਊ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ। ਜੱਚਾ ਦੀ ਮੌਤ ਦੀ ਦਰ ਨੂੰ ਘਟਾਉਣ ਲਈ ਸਮਾਂਬੱਧ ਤੇ ਠੋਸ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਾ. ਜੈਨ ਨੇ ਕਿਹਾ ਕਿ ਸਿਹਤ ਵਿਭਾਗ ਗਰਭਵਤੀ ਔਰਤਾਂ ਨੂੰ ਮਿਆਰੀ ਤੇ ਉੱਚ-ਪਾਏ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਜਣੇਪੇ ਅਤੇ ਜਣੇਪੇ ਤੋਂ ਬਾਅਦ ਤੱਕ ਉੱਚ-ਪਾਏ ਦੀਆਂ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਉੱਚ-ਜੋਖ਼ਮ ਵਾਲੀਆਂ ਗਰਭਵਤੀ ਔਰਤਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਅਤੇ ਸਮੇਂ ਸਿਰ ਜਾਂਚ ਅਤੇ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦਾ ਸਪੈਸ਼ਲਿਸਟ ਡਾਕਟਰ ਕੋਲੋਂ ਸਰਕਾਰੀ ਹਸਪਤਾਲਾਂ ਵਿਚ ਹੀ ਚੈਕਅੱਪ ਕਰਵਾਇਆ ਜਾਵੇ। ਅਜਿਹੇ ਵਿਅਕਤੀ ਜਿਨ੍ਹਾਂ ਕੋਲ ਗਰਭਵਤੀ ਔਰਤਾਂ ਦੀ ਜਾਂਚ ਸਬੰਧੀ ਮੁਹਾਰਤ ਹਾਸਲ ਨਹੀਂ ਹੈ, ਉਨ੍ਹਾਂ ਕੋਲ ਜਾਣ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਸਿੰਘਲ ਨੇ ਕਿਹਾ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਉਦੇਸ਼ਾਂ ’ਚੋਂ ਇਕ ਮਾਤਰੀ ਮੌਤ ਦਰ ਨੂੰ ਘਟਾਉਣਾ ਵੀ ਹੈ। ਇਸ ਲਈ ਲੋਕਾਂ ਨੂੰ ਬਿਹਤਰ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਸਿਹਤ ਵਿਭਾਗ ਵੱਲੋਂ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਹਰੇਕ ਗਰਭਵਤੀ ਔਰਤ ਨੂੰ ਸਾਰੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਚੈੱਕਅੱਪ, ਲੈਬ ਟੈਸਟ, ਸਕੈਨਿੰਗ, ਹਸਪਤਾਲ ਆਉਣਾ ਤੇ ਛੱਡਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸਰਕਾਰੀ ਸੰਸਥਾ ਵਿਚ ਜਣੇਪਾ ਕਰਵਾਉਣ ਤੇ ਮੁਫ਼ਤ ਖੁਰਾਕ ਤੇ ਦਵਾਈਆਂ ਸਮੇਤ ਜਨਨੀ ਸੁਰੱਖਿਆ ਯੋਜਨਾ ਤਹਿਤ ਵਿੱਤੀ ਮਦਦ ਵੀ ਦਿੱਤੀ ਜਾਂਦੀ ਹੈ। ਬੈਠਕ ਵਿਚ ਇਸਤਰੀ ਰੋਗ ਮਾਹਰ ਡਾਕਟਰਾਂ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ਼ ਤੇ ਹੋਰ ਨੁਮਾਇੰਦੇ ਹਾਜ਼ਰ ਸਨ।