ਪੀਪੀਸੀਬੀ ਅਤੇ ਵੇਰਕਾ ਵੱਲੋਂ ਪਲਾਸਟਿਕ ਮੁਕਤ ਦੁੱਧ ਵੰਡ ਪਹਿਲ ਦੀ ਸ਼ੁਰੂਆਤ, ਰਵਾਇਤੀ ਪਲਾਸਟਿਕ ਪਾਊਚ ਨਾਲੋਂ ਦੋ ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਦੁੱਧ
ਪੀਪੀਸੀਬੀ ਅਤੇ ਵੇਰਕਾ ਵੱਲੋਂ ਪਲਾਸਟਿਕ-ਮੁਕਤ ਦੁੱਧ ਵੰਡ ਪਹਿਲ ਦੀ ਸ਼ੁਰੂਆਤ
Publish Date: Sun, 07 Jun 2026 09:00 PM (IST)
Updated Date: Sun, 07 Jun 2026 09:02 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਖੇਤਰੀ ਦਫ਼ਤਰ ਮੁਹਾਲੀ ਨੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਹਿਯੋਗ ਨਾਲ ਏਟੀਐੱਸ ਕਾਸਾ ਐਸਪਾਨਾ ਮੁਹਾਲੀ ਵਿਖੇ ਮੋਬਾਈਲ ਮਿਲਕ ਵੈਂਡਿੰਗ ਵੈਨ ਦੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਉਦੇਸ਼ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੁੱਧ ਪਾਊਚਾਂ ਕਾਰਨ ਪੈਦਾ ਹੋਣ ਵਾਲੇ ਪਲਾਸਟਿਕ ਕੂੜੇ ਨੂੰ ਘਟਾਉਣਾ ਅਤੇ ਟਿਕਾਊ ਖਪਤ ਦੀਆਂ ਆਦਤਾਂ ਨੂੰ ਉਤਸ਼ਾਹਤ ਕਰਨਾ ਹੈ। ਇਹ ਪਹਿਲ ਪੀਪੀਸੀਬੀ ਵੱਲੋਂ ਸਿੰਗਲ ਯੂਜ਼ ਪਲਾਸਟਿਕ (ਐੱਸਯੂਪੀ) ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਲੋਕਾਂ ਨੂੰ ਅਜਿਹੀਆਂ ਸਧਾਰਨ ਜੀਵਨਸ਼ੈਲੀ ਤਬਦੀਲੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜੋ ਸਰੋਤ ਪੱਧਰ ’ਤੇ ਪਲਾਸਟਿਕ ਕੂੜੇ ਨੂੰ ਘਟਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਣ। ਦੁੱਧ ਹਰ ਘਰ ਵਿਚ ਰੋਜ਼ਾਨਾ ਵਰਤੋਂ ਵਾਲੀ ਵਸਤੂ ਹੋਣ ਕਰ ਕੇ ਇਸ ਦੀ ਪੈਕਿੰਗ ਵਿਚ ਪਲਾਸਟਿਕ ਦੀ ਵਰਤੋਂ ਘਟਾਉਣ ਨਾਲ ਸ਼ਹਿਰ ਅਤੇ ਸੂਬਾ ਪੱਧਰ ’ਤੇ ਵਾਤਾਵਰਣ ਲਈ ਵੱਡੇ ਲਾਭ ਹੋ ਸਕਦੇ ਹਨ। ਇਸ ਮੁਹਿੰਮ ਤਹਿਤ ‘ਦੁੱਧ ਉਹੀ, ਪਲਾਸਟਿਕ ਨਹੀਂ’ ਦੇ ਸੰਦੇਸ਼ ਨਾਲ ਨਾਗਰਿਕ ਮੋਬਾਈਲ ਵੈਂਡਿੰਗ ਵੈਨ ਰਾਹੀਂ ਤਾਜ਼ਾ ਵੇਰਕਾ ਦੁੱਧ 64 ਰੁਪਏ ਪ੍ਰਤੀ ਲੀਟਰ ਦੀ ਰਿਆਇਤੀ ਦਰ ’ਤੇ ਖ਼ਰੀਦ ਸਕਣਗੇ, ਜਦਕਿ ਰਵਾਇਤੀ ਪਲਾਸਟਿਕ ਪਾਊਚ ਵਿਚ ਇਹੀ ਦੁੱਧ 66 ਰੁਪਏ ਪ੍ਰਤੀ ਲੀਟਰ ਮਿਲਦਾ ਹੈ। ਘੱਟ ਕੀਮਤ ’ਤੇ ਦੁੱਧ ਉਪਲਬਧ ਕਰਵਾ ਕੇ ਲੋਕਾਂ ਨੂੰ ਆਪਣੇ ਮੁੜ ਵਰਤੇ ਜਾ ਸਕਣ ਵਾਲੇ ਬਰਤਨ, ਬੋਤਲਾਂ ਜਾਂ ਡੱਬੇ ਨਾਲ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਇਕ ਸਮੇਂ ਆਮ ਰਹੀ ਟਿਕਾਊ ਪ੍ਰਥਾ ਨੂੰ ਮੁੜ ਜੀਵੰਤ ਕੀਤਾ ਜਾ ਸਕੇ। ਵੈਂਡਿੰਗ ਮਸ਼ੀਨ ਦੀ ਸਮਰੱਥਾ ਲਗਭਗ 300 ਲੀਟਰ ਹੈ ਅਤੇ ਇਸ ਨੂੰ ਹਰ ਰੋਜ਼ ਏਟੀਐੱਸ ਕਾਸਾ ਐਸਪਾਨਾ ਵਿਖੇ ਤਾਇਨਾਤ ਕੀਤਾ ਜਾਵੇਗਾ। ਪੂਰੀ ਸਮਰੱਥਾ ਨਾਲ ਚੱਲਣ ਦੀ ਸਥਿਤੀ ਵਿਚ ਇਹ ਪਹਿਲ ਇਕ ਹੀ ਰਿਹਾਇਸ਼ੀ ਸੁਸਾਇਟੀ ਵਿਚ ਰੋਜ਼ਾਨਾ ਕਰੀਬ 600 ਪਲਾਸਟਿਕ ਦੁੱਧ ਪਾਊਚਾਂ ਦੀ ਵਰਤੋਂ ਨੂੰ ਖ਼ਤਮ ਕਰ ਸਕਦੀ ਹੈ। ਅੰਦਾਜ਼ੇ ਮੁਤਾਬਿਕ ਜੇਕਰ ਕੋਈ ਪਰਿਵਾਰ ਰੋਜ਼ਾਨਾ 2 ਲੀਟਰ ਦੁੱਧ ਇਸ ਪ੍ਰਣਾਲੀ ਰਾਹੀਂ ਖ਼ਰੀਦਦਾ ਹੈ ਤਾਂ ਉਹ ਸਾਲਾਨਾ ਲਗਭਗ 4 ਕਿੱਲੋਗ੍ਰਾਮ ਪਲਾਸਟਿਕ ਕੂੜੇ ਨੂੰ ਪੈਦਾ ਹੋਣ ਤੋਂ ਰੋਕ ਸਕਦਾ ਹੈ। ਜੇਕਰ ਇਸ ਮਾਡਲ ਨੂੰ ਕਈ ਰਿਹਾਇਸ਼ੀ ਸੁਸਾਇਟੀਆਂ ਵਿਚ ਲਾਗੂ ਕੀਤਾ ਜਾਵੇ ਤਾਂ ਪਲਾਸਟਿਕ ਕੂੜੇ ਦੀ ਇਕੱਠ, ਪ੍ਰੋਸੈਸਿੰਗ ਅਤੇ ਨਿਪਟਾਰੇ ਦੀ ਲੋੜ ਵਿਚ ਵੱਡੀ ਕਮੀ ਲਿਆਂਦੀ ਜਾ ਸਕਦੀ ਹੈ। ਪੀਪੀਸੀਬੀ ਦੇ ਅਧਿਕਾਰੀਆਂ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਬਿਹਤਰ ਕੂੜਾ ਪ੍ਰਬੰਧਨ ਪ੍ਰਣਾਲੀਆਂ ਦੇ ਨਾਲ-ਨਾਲ ਰੋਜ਼ਾਨਾ ਖਪਤਕਾਰਾਂ ਦੇ ਵਿਹਾਰ ਵਿਚ ਤਬਦੀਲੀ ਵੀ ਲਾਜ਼ਮੀ ਹੈ। ਜੇਕਰ ਇਹ ਪਾਇਲਟ ਪ੍ਰਾਜੈਕਟ ਸਫ਼ਲ ਰਹਿੰਦਾ ਹੈ ਤਾਂ ਪੀਪੀਸੀਬੀ ਵੇਰਕਾ ਨਾਲ ਮਿਲ ਕੇ ਇਸ ਪਹਿਲ ਨੂੰ ਮੁਹਾਲੀ ਦੀਆਂ ਹੋਰ ਰਿਹਾਇਸ਼ੀ ਸੁਸਾਇਟੀਆਂ ਅਤੇ ਬਾਅਦ ਵਿਚ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਤੱਕ ਵਿਸਥਾਰ ਦੇਣ ਲਈ ਕੰਮ ਕਰੇਗਾ। ਇਸ ਲਈ ਵਾਧੂ ਮੋਬਾਈਲ ਵੈਂਡਿੰਗ ਵੈਨਾਂ ਜਾਂ ਵੇਰਕਾ ਦੇ ਮੌਜੂਦਾ ਵੰਡ ਕੇਂਦਰਾਂ ’ਤੇ ਸਥਾਈ ਵੈਂਡਿੰਗ ਯੂਨਿਟ ਸਥਾਪਤ ਕੀਤੇ ਜਾ ਸਕਦੇ ਹਨ, ਜਿਸ ਨਾਲ ਸਿੰਗਲ ਯੂਜ਼ ਪਲਾਸਟਿਕ ਦੁੱਧ ਪੈਕਿੰਗ ਤੋਂ ਲੰਬੇ ਸਮੇਂ ਲਈ ਛੁਟਕਾਰਾ ਪਾਉਣ ਵੱਲ ਇਕ ਮਜ਼ਬੂਤ ਕਦਮ ਚੁੱਕਿਆ ਜਾਵੇਗਾ। ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਹਾਊਸਿੰਗ ਸੁਸਾਇਟੀਆਂ, ਜੋ ਆਪਣੇ ਇਲਾਕਿਆਂ ਵਿਚ ਅਜਿਹੀ ਦੁੱਧ ਵੈਂਡਿੰਗ ਸਹੂਲਤ ਸਥਾਪਤ ਕਰਵਾਉਣ ਵਿਚ ਦਿਲਚਸਪੀ ਰੱਖਦੀਆਂ ਹਨ, ਉਹ ਹੋਰ ਜਾਣਕਾਰੀ ਅਤੇ ਸਹਿਯੋਗ ਲਈ ਪੀਪੀਸੀਬੀ ਨਾਲ ਸੰਪਰਕ ਕਰ ਸਕਦੀਆਂ ਹਨ।