ਲਾਲੜੂ ਖੇਤਰ ’ਚ ਬਿਜਲੀ ਸਪਲਾਈ ਦਾ ਬੇਹੱਦ ਮੰਦਾ ਹਾਲ, ਕਈ ਥਾਈਂ ਤਾਂ 6-6 ਘੰਟੇ ਲੱਗ ਰਹੇ ਨੇ ਕੱਟ
ਲਾਲੜੂ ਖੇਤਰ ਵਿਚ ਬਿਜਲੀ ਸਪਲਾਈ ਦਾ ਬੇਹੱਦ ਮੰਦਾ ਹਾਲ, ਕਈ ਥਾਈਂ ਤਾਂ 6-6 ਘੰਟੇ ਲੱਗ ਰਹੇ ਨੇ ਕੱਟ
Publish Date: Fri, 13 Mar 2026 05:41 PM (IST)
Updated Date: Fri, 13 Mar 2026 05:42 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਆਪਣੇ ਕਾਰਜਕਾਲ ਦੇ ਆਖ਼ਰੀ ਵਰ੍ਹੇ ਦੌਰਾਨ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤੇਜ਼ ਗਤੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਪਾਵਰਕਾਮ ਬਿਜਲੀ ਸਪਲਾਈ ਦੇ ਮਾਮਲੇ ’ਚ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਮਾਰਚ ਮਹੀਨੇ ਦੇ ਅੱਧ ਵਿਚ ਹੀ ਦਿਹਾਤੀ ਤੇ ਸ਼ਹਿਰੀ ਖੇਤਰ ਵਿਚ ਕਈ-ਕਈ ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਕੱਟਾਂ ਕਾਰਨ ਆਮ ਲੋਕਾਂ ਦਾ ਰੋਜ਼ਾਨਾ ਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਬਿਜਲੀ ਦੀ ਘਾਟ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਛੋਟੇ ਉਦਯੋਗ ਅਤੇ ਸਰਕਾਰੀ ਦਫ਼ਤਰ ਖ਼ਾਸ ਕਰਕੇ ਸੁਵਿਧਾ ਕੇਂਦਰਾਂ ’ਚ ਕੰਮ ਕਾਜ ਠੱਪ ਹੋ ਕੇ ਰਹਿ ਗਿਆ ਹੈ। ਲੰਘੇ ਕੱਲ੍ਹ ਤਾਂ ਲਾਲੜੂ ਖੇਤਰ ਵਿਚ ਰਾਤ ਵੇਲੇ ਕਰੀਬ 6 ਘੰਟੇ ਕੱਟ ਲੱਗਿਆ, ਜਦਕਿ ਸਵੇਰੇ 7 ਵਜੇ ਫਿਰ ਬਿਜਲੀ ਦੀ ਸਪਲਾਈ ਬੰਦ ਹੋ ਗਈ। ਇਸੇ ਤਰ੍ਹਾਂ ਦਾ ਹਾਲ ਖੇਤਾਂ ਵਿਚ ਵੀ ਨਜ਼ਰ ਆ ਰਿਹਾ ਹੈ। ਬਿਜਲੀ ਦੀ ਘਾਟ ਕਾਰਨ ਪਿਆਜ਼ ਅਤੇ ਹਰੀਆ ਸਬਜ਼ੀਆਂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਹਰਾ ਚਾਰਾ ਬੀਜਣ ਦੇ ਮਾਮਲੇ ਵਿਚ ਪੱਛੜਦੇ ਜਾ ਰਹੇ ਹਨ। ਲਾਲੜੂ ਪਿੰਡ ਦੇ ਸਾਬਕਾ ਸਰਪੰਚ ਲਾਭ ਸਿੰਘ, ਮਾਰਕਸੀ ਆਗੂ ਕੋਲ ਸਿੰਘ, ਨੰਦ ਕਿਸ਼ੋਰ, ਬਲਜੀਤ ਸਿੰਘ, ਪਿੰਡ ਧਰਮਗੜ੍ਹ ਵਾਸੀ ਕਾਂਗਰਸੀ ਆਗੂ ਦਲਜੀਤ ਸਿੰਘ ਲਵਲੀ, ਅਵਤਾਰ ਸਿੰਘ, ਸਰਬਜੀਤ ਸਿੰਘ ਸੱਬਾ, ਅਕਾਲੀ ਆਗੂ ਮਨਪ੍ਰੀਤ ਸਿੰਘ ਮਨੀ ਆਦਿ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਿਜਲੀ ਤੋਂ ਬਿਨ੍ਹਾਂ ਕੁੱਝ ਵੀ ਸੰਭਵ ਨਹੀਂ ਹੈ ਅਤੇ ਜੇਕਰ ਬਿਜਲੀ ਸਪਲਾਈ ਨਹੀਂ ਆ ਰਹੀ ਤਾਂ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਬੇਅਰਥ ਹਨ। ਉਨ੍ਹਾਂ ਪਾਵਰਕਾਮ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਠੋਸ ਕਾਰਵਾਈ ਕਰਦਿਆਂ ਬਿਜਲੀ ਕੱਟ ਖ਼ਤਮ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਸਬੰਧੀ ਜਦੋਂ ਪਾਵਰਕਾਮ ਦੇ ਐੱਸਡੀਓ ਦਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਰਾਜਪੁਰਾ ਥਰਮਲ ਪਲਾਂਟ ਵਿਚ ਗੜਬੜ ਹੋਣ ਕਾਰਨ ਆ ਰਹੀ ਹੈ ਤੇ ਜਿਉਂ ਹੀ ਥਰਮਲ ਪਲਾਂਟ ਚਾਲੂ ਹੋ ਜਾਵੇਗਾ ਤਾਂ ਬਿਜਲੀ ਸਪਲਾਈ ਪੂਰਨ ਬਹਾਲ ਹੋ ਜਾਵੇਗੀ।