ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ’ਤੇ ਛਾਇਆ ਬਿਜਲੀ ਸੰਕਟ
ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ’ਤੇ ਛਾਇਆ ਬਿਜਲੀ ਸੰਕਟ, ਉਦਯੋਗਪਤੀ ਬਿਜਲੀ ਸੰਕਟ ਤੋਂ ਪਰੇਸ਼ਾਨ,
Publish Date: Thu, 29 Jan 2026 05:49 PM (IST)
Updated Date: Thu, 29 Jan 2026 05:52 PM (IST)

ਉਦਯੋਗਪਤੀ ਬਿਜਲੀ ਸੰਕਟ ਤੋਂ ਪਰੇਸ਼ਾਨ, ਉਦਯੋਗ ਬੰਦ ਹੋਣ ਕਿਨਾਰੇ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਡੇਰਾਬੱਸੀ ਉਦਯੋਗਿਕ ਖੇਤਰ ਵਿਚ ਚੱਲ ਰਹੇ ਗੰਭੀਰ ਬਿਜਲੀ ਸੰਕਟ ਪ੍ਰਤੀ ਆਪਣੀ ਤੀਖੀ ਨਾਰਾਜ਼ਗੀ ਅਤੇ ਦਰਦ ਪ੍ਰਗਟ ਕੀਤਾ ਹੈ। ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ 22 ਜਨਵਰੀ ਨੂੰ ਡੇਰਾਬੱਸੀ ਵਿਚ ਬਿਜਲੀ ਸਪਲਾਈ ਬੰਦ ਹੋ ਗਈ ਸੀ, ਪਰ ਅਜੇ ਤੱਕ ਵੀ ਸਥਿਤੀ ਵਿਚ ਸਧਾਰ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਬਿਜਲੀ ਕਦੇ ਆਉਂਦੀ ਹੈ, ਕਦੇ ਚਲੀ ਜਾਂਦੀ ਹੈ ਅਤੇ ਵੋਲਟੇਜ ਬਹੁਤ ਘੱਟ ਆ ਰਹੀ ਹੈ, ਜਿਸ ਦੇ ਚਲਦਿਆਂ ਘੱਟ ਵੋਲਟੇਜ ਬਿਜਲੀ ਸਪਲਾਈ ਨਾਲ ਉਦਯੋਗ ਕਿਵੇਂ ਚੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਕਾਰਨ ਡੇਰਾਬੱਸੀ ਦੇ ਸਾਰੇ ਉਦਯੋਗ ਬੰਦ ਹੋਣ ਦੇ ਕਿਨਾਰੇ ਖੜ੍ਹੇ ਹਨ, ਮਸ਼ੀਨਾਂ ਬੰਦ ਪਈਆਂ ਹਨ, ਉਤਪਾਦਨ ਠੱਪ ਹੈ, ਆਰਡਰ ਪੂਰੇ ਨਹੀਂ ਹੋ ਰਹੇ ਅਤੇ ਮਜ਼ਦੂਰ ਬਿਨ੍ਹਾਂ ਕੰਮ ਦੇ ਬੈਠੇ ਹਨ। ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਉਦਯੋਗਾਂ ਕੋਲ ਬੰਦ ਕਰਨ ਤੋਂ ਬਿਨ੍ਹਾਂ ਹੋਰ ਕੋਈ ਰਾਹ ਨਹੀਂ ਬਚੇਗਾ। ਉਦਯੋਗਪਤੀਆਂ ਦੀ ਪਰੇਸ਼ਾਨੀ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਅੱਜ ਉਹ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਸਰਕਾਰ ਨੂੰ ਸੌਪਣ ਲਈ ਤਿਆਰ ਹਨ ਤਾਂ ਜੋ ਸਰਕਾਰ ਖ਼ੁਦ ਵੇਖ ਸਕੇ ਕਿ ਉਦਯੋਗ ਕਿੰਨੀ ਵੱਡੀ ਪੀੜਾ ਵਿਚੋਂ ਗੁਜ਼ਰ ਰਹੇ ਹਨ। ਜਿਸ ਕਾਰਨ ਉਦਯੋਗਪਤੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਉਹ ਸਾਫ਼ ਕਰਨਾ ਚਾਹੁੰਦੇ ਹਨ ਕਿ ਜੇਕਰ ਬਿਜਲੀ ਸਪਲਾਈ ਦਾ ਤੁਰੰਤ ਅਤੇ ਸਥਾਈ ਹੱਲ ਨਹੀਂ ਕੀਤਾ ਗਿਆ, ਤਾਂ ਉਦਯੋਗਪਤੀ ਆਪਣੇ ਮਜ਼ਦੂਰਾਂ ਸਮੇਤ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਰੁਜ਼ਗਾਰ ਦੇ ਮੌਕੇ ਬਣਾਉਣ ਦੀ ਗੱਲ ਕਰਦੀ ਹੈ, ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਬਿਜਲੀ ਹੀ ਨਹੀਂ ਹੋਵੇਗੀ ਤਾਂ ਫੈਕਟਰੀਆਂ ਰੁਜ਼ਗਾਰ ਕਿਵੇਂ ਦੇਣਗੀਆਂ। ਇਸ ਸਮੇਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਪੰਜਾਬ ਦਾ ਸਭ ਤੋਂ ਵੱਡਾ ਰੈਵਿਨਿਊ ਜਨਰੇਟ ਕਰਨ ਵਾਲਾ ਉਦਯੋਗਿਕ ਖੇਤਰ ਹੈ, ਖ਼ਾਸ ਕਰਕੇ ਪਾਵਰਕਾਮ ਲਈ ਇਸ ਦੇ ਬਾਵਜੂਦ ਵੀ ਇੱਥੋਂ ਦੇ ਉਦਯੋਗਾਂ ਦੀ ਇਹ ਹਾਲਤ ਹੋਣਾ ਸਭ ਤੋਂ ਵੱਡੇ ਰੈਵਿਨਿਊ ਦਾਤਾ ਨਾਲ ਧੋਖੇ ਦੇ ਬਰਾਬਰ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਦੀ ਬਿਜਲੀ ਸਪਲਾਈ ਨੂੰ ਤੁਰੰਤ ਅਤੇ ਸਥਾਈ ਤੌਰ ਤੇ ਬਹਾਲ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਸਥਿਤੀ ਨਾ ਬਣੇ, ਇਸ ਲਈ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਡੇਰਾਬੱਸੀ ਇਲਾਕੇ ਵਿਚ ਉਦਯੋਗ ਬੰਦ ਹੁੰਦੇ ਹਨ ਤਾਂ ਇਸ ਲਾਪਰਵਾਹੀ ਲਈ ਪਾਵਰਕਾਮ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਇਸ ਮੌਕੇ ਗੁਰਜੀਤ ਸਿੰਘ ਕੋਹਲੀ ਪ੍ਰਧਾਨ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਡੇਰਾਬੱਸੀ, ਰਾਜੂ ਮਿੱਤਲ ਚੇਅਰਮੈਨ, ਰਾਜ ਕੁਮਾਰ ਸੁਰਮਾ ਜਨਰਲ ਸਕੱਤਰ ਸਮੇਤ ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।