ਸਿਆਸੀ ਚੁਟਕੀ: CM ਭਗਵੰਤ ਮਾਨ ਦਾ ਭਾਜਪਾ ਨੂੰ ਚੈਲੇਂਜ, ਕਿਹਾ- ਪੰਜਾਬ ਦੀਆਂ 117 ਸੀਟਾਂ ਲਈ ਕਿੱਥੋਂ ਲਿਆਉਣਗੇ ਉਮੀਦਵਾਰ?
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ‘ਸਕੂਟਰ ਪਾਰਟੀ’ (ਵਿਧਾਨ ਸਭਾ ਵਿਚ ਦੋ ਸੀਟਾਂ ਦੇ ਕਾਰਨ) ਸਾਰੀਆਂ 117 ਸੀਟਾਂ 'ਤੇ ਉਮੀਦਵਾਰ ਕਿੱਥੋਂ ਲਿਆਏਗੀ? ਉਹ ਸਿਰਫ਼ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਇਕੱਠਾ ਕਰ ਕੇ ਚੋਣਾਂ ਵਿਚ ਉਤਰੇਗੀ। ਮੁੱਖ ਮੰਤਰੀ ਮਾਨ ਨੇ ਪੁੱਛਿਆ ਕਿ ਭਾਜਪਾ ਦੀ ਮੋਗਾ ਰੈਲੀ ਵਿਚ ਸ਼ਾਹ ਦੇ ਨਾਲ ਜੋ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਫਤਿਹਜੰਗ ਸਿੰਘ ਬਾਜਵਾ ਅਤੇ ਰਵਨੀਤ ਬਿੱਟੂ ਬੈਠੇ ਸਨ, ਉਹ ਕਿਹੜੀ ਪਾਰਟੀ ਤੋਂ ਆਏ ਹਨ?"
Publish Date: Sun, 15 Mar 2026 09:46 AM (IST)
Updated Date: Sun, 15 Mar 2026 09:47 AM (IST)
ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ‘ਸਕੂਟਰ ਪਾਰਟੀ’ (ਵਿਧਾਨ ਸਭਾ ਵਿਚ ਦੋ ਸੀਟਾਂ ਦੇ ਕਾਰਨ) ਸਾਰੀਆਂ 117 ਸੀਟਾਂ 'ਤੇ ਉਮੀਦਵਾਰ ਕਿੱਥੋਂ ਲਿਆਏਗੀ? ਉਹ ਸਿਰਫ਼ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਇਕੱਠਾ ਕਰ ਕੇ ਚੋਣਾਂ ਵਿਚ ਉਤਰੇਗੀ। ਮੁੱਖ ਮੰਤਰੀ ਮਾਨ ਨੇ ਪੁੱਛਿਆ ਕਿ ਭਾਜਪਾ ਦੀ ਮੋਗਾ ਰੈਲੀ ਵਿਚ ਸ਼ਾਹ ਦੇ ਨਾਲ ਜੋ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਫਤਿਹਜੰਗ ਸਿੰਘ ਬਾਜਵਾ ਅਤੇ ਰਵਨੀਤ ਬਿੱਟੂ ਬੈਠੇ ਸਨ, ਉਹ ਕਿਹੜੀ ਪਾਰਟੀ ਤੋਂ ਆਏ ਹਨ?"
ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਸੀ ਕਿ ਅੱਜ ਦੇਸ਼ ਦਾ ਗ੍ਰਹਿ ਮੰਤਰੀ ਸੂਬੇ ਵਿਚ ਪੁੱਜੇ ਹਨ ਤਾਂ ਉਹ ਕਿਸਾਨਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ 'ਤੇ ਗੱਲ ਕਰਨਗੇ, ਕਿਸਾਨਾਂ ਦੇ ਕਰਜ਼ੇ ਮਾਫੀ ਬਾਰੇ ਕੁਝ ਕਹਿਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਕਿ ‘ਸੂਬਾ ਸਰਕਾਰ ਨੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤਾ’ ਬਾਰੇ ਕਿਹਾ ਕਿ ਐੱਮਐੱਸਪੀ ਦੇਣਾ ਕੇਂਦਰ ਸਰਕਾਰ ਦਾ ਕੰਮ ਹੈ। ਸੂਬਾ ਸਰਕਾਰਾਂ ਸਿਰਫ਼ ਕਿਸਾਨਾਂ ਦੀ ਲਾਗਤ ਦੇਖ ਕੇ ਸਿਫਾਰਸ਼ ਕਰ ਸਕਦੀਆਂ ਹਨ ਕਿ ਕਿਸ ਫ਼ਸਲ ਦਾ ਕੀ ਮੁੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2029 ਵਿਚ ਜਦੋਂ ਅਸੀਂ ਕੇਂਦਰ ਵਿਚ ਆਵਾਂਗੇ ਤਾਂ ਐੱਮਐੱਸਪੀ ਦੇਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਭਾਜਪਾ ਨੂੰ ਕਿਸਾਨਾਂ ਦਾ ਏਨਾ ਦਰਦ ਹੈ ਤਾਂ ਅਮਰੀਕਾ ਨਾਲ ਸਮਝੌਤੇ ਬਾਰੇ ਕਿਉਂ ਨਹੀਂ ਦੱਸਦੇ? ਉਸ ਵਿਚ ਕੀ ਹੈ? ਉਨ੍ਹਾਂ ਕਿਹਾ ਕਿ ਇਹ ਗੱਲਾਂ ਯੂਪੀ ਤੇ ਬਿਹਾਰ ਵਿਚ ਚੱਲ ਜਾਂਦੀਆਂ ਹਨ, ਪਰ ਇੱਥੇ ਨਹੀਂ ਚੱਲਣਗੀਆਂ। ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਨਾ ਦੇਣ ਦੇ ਅਮਿਤ ਸ਼ਾਹ ਦੇ ਬਿਆਨ 'ਤੇ ਕਿਹਾ ਕਿ ਜਿਸ ਪਾਰਟੀ ਦੀ ਸਰਕਾਰ, ਚਾਰ ਸਾਲਾਂ ਵਿਚ 65,264 ਨੌਕਰੀਆਂ ਦੇ ਕੇ ਬੈਠੀ ਹੈ, ਉਸ ਤੋਂ ਸਵਾਲ ਕੀਤੇ ਜਾ ਰਹੇ ਹਨ, ਜਦਕਿ ਖ਼ੁਦ ਪ੍ਰਧਾਨ ਮੰਤਰੀ ਨੇ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦੀ ਗੱਲ ਕੀਤੀ ਸੀ, ਉਹ ਨੌਕਰੀਆਂ ਕਿੱਥੇ ਗਈਆਂ? ਉਹ ਕਹਿ ਰਹੇ ਹਨ ਕਿ ਬੁਢਾਪਾ ਪੈਨਸ਼ਨ 2,500 ਰੁਪਏ ਕਰ ਦੇਣਗੇ ਪਰ ਪਹਿਲਾਂ ਜੋ 15-15 ਲੱਖ ਦੇਣ ਦੀ ਗੱਲ ਕੀਤੀ ਸੀ, ਉਸ ਦਾ ਤਾਂ ਹਿਸਾਬ ਦੇ ਦਿਓ। ਉਹ ਤਾਂ ਲੋਕ ਖਰਚ ਕਰ ਲੈਣਗੇ, 2,500 ਪੈਨਸ਼ਨ ਫਿਰ ਕਰ ਦੇਣਾ।
ਕੇਂਦਰੀ ਗ੍ਰਹਿ ਮੰਤਰੀ ਦੇ ਪੰਜਾਬ ਵਿਚ ਨਸ਼ੇ ਦੇ ਵਧਣ ਤੇ ਭਾਜਪਾ ਦੀ ਸਰਕਾਰ ਆਉਣ 'ਤੇ ਇਸ ਨੂੰ ਖ਼ਤਮ ਕਰਨ ਦੇ ਬਿਆਨ 'ਤੇ ਮਾਨ ਨੇ ਕਿਹਾ ਕਿ ਇਹ ਨਸ਼ਾ ਪੰਜਾਬ ਵਿਚ ਆਉਂਦਾ ਕਿੱਥੋਂ ਹੈ? ਜੋ 3000 ਕਿੱਲੋ ਨਸ਼ਾ ਮੁੰਦਰ ਬੰਦਰਗਾਹ ਤੋਂ ਫਡੜਿਆ ਗਿਆ ਸੀ, ਉਸ ਦਾ ਕੀ ਹੋਇਆ? ਅੱਜ ਤੱਕ ਉਸ 'ਤੇ ਕੋਈ ਮੁਕੱਦਮਾ ਵੀ ਦਰਜ ਨਹੀਂ ਹੋਇਆ ਪਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖ਼ਿਲਾਫ਼ ਦੇਸ਼ ਵਿਚ ਪਹਿਲਾ ਵੱਡਾ ਮੁਹਿੰਮ ਚਲਾ ਰੱਖਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਸਰਹੱਦ ਪਾਰੋਂ ਆਉਣ ਵਾਲੇ ਡ੍ਰੋਨ ਨੂੰ ਰੋਕਣ ਲਈ ਅੰਟੀ ਡਰੋਨ ਸਿਸਟਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਇਸ ਲਈ ਇਕ ਪੈਸਾ ਵੀ ਨਹੀਂ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਦੇ ਵੀ ਧਰਮ ਦੇ ਨਾਂ 'ਤੇ ਰਾਜਨੀਤੀ ਨਹੀਂ ਚੱਲਦੀ। ਇਹ ਧਰਤੀ ਏਨੀ ਉਪਜਾਊ ਹੈ ਕਿ ਇੱਥੇ ਕੁਝ ਵੀ ਉੱਗ ਸਕਦਾ ਹੈ ਪਰ ਇੱਥੇ ਨਫਰਤ ਨਹੀਂ ਉੱਗ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾ ਤਾਂ ਸਾਨੂੰ ਸਾਡੇ ਆਰਡੀਐੱਫ ਦਾ ਪੈਸਾ ਦੇ ਰਹੀ ਹੈ ਅਤੇ ਨਾ ਹੀ ਜੀਐੱਸਟੀ ਦਾ ਪੈਸਾ ਵਾਪਸ ਕਰ ਰਹੀ ਹੈ ਪਰ ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਜਾਣਦਾ ਹੈ, ਉਹ ਸਥਾਪਤ ਹੋ ਕੇ ਦਿਖਾਏਗਾ। ਕਾਂਗਰਸ ਦੇ ਨੇਤਾਵਾਂ ਵੱਲੋਂ ਪੰਜਾਬ ਵਿਚ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਦਖ਼ਲ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਕੌਮੀ ਪਾਰਟੀ ਹੈ, ਇਸ ਲਈ ਉੱਥੋਂ ਲੋਕ ਆਉਣਗੇ ਹੀ। ਉਨ੍ਹਾਂ ਦੇ ਭੂਪੇਸ਼ ਬਘੇਲ ਕੀ ਕੋਟਫੱਤਾ ਤੋਂ ਆਉਂਦੇ ਹਨ? ਉਨ੍ਹਾਂ ਦੇ ਤਾਂ ਆਪਣੇ ਦਿੱਲੀ ਦੇ ਆਗੂ ਕਹਿ ਰਹੇ ਹਨ ਕਿ ਟੀਮ ਵਾਂਗ ਲੜੋ ਨਹੀਂ ਤਾਂ ਸਪੇਅਰਾਂ ਵਿਚ ਬੈਠਾ ਦੇਵਾਂਗਾ।