ਥਾਣਾ ਮੁਖੀ ਸੁਮਿਤ ਮੋਰ ਨੂੰ ਬਹਾਦਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ
ਥਾਣਾ ਮੁਖੀ ਸੁਮਿਤ ਮੋਰ ਨੂੰ ਬਹਾਦਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ
Publish Date: Thu, 29 Jan 2026 05:42 PM (IST)
Updated Date: Thu, 29 Jan 2026 05:43 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਗਣਤੰਤਰਤਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡੇਰਾਬੱਸੀ ਦੇ ਥਾਣਾ ਮੁਖੀ ਸੁਮਿਤ ਮੋਰ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡੇਰਾਬੱਸੀ ਅਤੇ ਲਾਲੜੂ ਇਲਾਕੇ ਦੇ ਨਿਵਾਸੀਆਂ ਲਈ ਖ਼ਾਸ ਮਾਣ ਦੀ ਗੱਲ ਹੈ। ਸਾਲ 2026 ਵਿਚ ਪੰਜਾਬ ’ਚ ਬਹਾਦਰੀ ਲਈ ਦਿੱਤੇ ਗਏ ਤਿੰਨ ਪੁਰਸਕਾਰਾਂ ਵਿਚੋਂ ਇਕ ਪੁਰਸਕਾਰ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਨੂੰ ਦਿੱਤਾ ਗਿਆ।
ਦੱਸਣਯੋਗ ਹੈ ਕਿ ਹਰਿਆਣਾ ਦੇ ਪਿੰਡ ਬਾਸ, ਜ਼ਿਲ੍ਹਾ ਹਾਸੀ ਨਾਲ ਸਬੰਧਤ ਸੁਮਿਤ ਮੋਰ 4 ਮਾਰਚ 2014 ਨੂੰ ਪੰਜਾਬ ਪੁਲਿਸ ਵਿਚ ਭਰਤੀ ਹੋਏ। ਤਿੰਨ ਸਾਲਾ ਦੀ ਟਰੈਨਿੰਗ ਪੂਰੀ ਕਰਨ ਤੋਂ ਬਾਅਦ, 2017 ਵਿਚ ਉਹ ਪਹਿਲੀ ਵਾਰ ਡੇਰਾਬੱਸੀ ਹਲਕੇ ਦੇ ਲਾਲੜੂ ਪੁਲਿਸ ਸਟੇਸ਼ਨ ਵਿਚ ਅਡੀਸ਼ਨਲ ਥਾਣਾ ਮੁਖੀ ਵਜੋਂ ਨਿਯੁਕਤ ਹੋਏ, ਜਿੱਥੇ ਉਨ੍ਹਾਂ ਨੇ ਲਗਭਗ ਇਕ ਸਾਲ ਤੱਕ ਸੇਵਾਵਾਂ ਨਿਭਾਈਆਂ।
ਇਸ ਤੋਂ ਬਾਅਦ ਉਹ ਸੀਟੀ ਖਰੜ ਚੌਕੀ ਇੰਚਾਰਜ, ਢਕੌਲੀ, ਰੋਪੜ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਰਹੇ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਆਪਣੀ ਸੇਵਾ ਦੌਰਾਨ ਉਨ੍ਹਾਂ ਨੂੰ ਇਸ ਸਨਮਾਨ ਤੋਂ ਪਹਿਲਾਂ ਵੀ ਡੀਜੀਪੀ ਵੱਲੋਂ ਪੰਜ ਵਾਰ ਡੀਜੀਪੀ ਡਿਸਕ ਤੇ ਪ੍ਰਮਾਣ ਪੱਤਰ ਸਮੇਤ ਕਈ ਹੋਰਨਾਂ ਇਨਾਮਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਸਮੇਂ ਇੰਸਪੈਕਟਰ ਸੁਮਿਤ ਮੋਰ ਪਿਛਲੇ ਦਸ ਮਹੀਨਿਆਂ ਤੋਂ ਡੇਰਾਬੱਸੀ ਪੁਲਿਸ ਸਟੇਸ਼ਨ ਵਿਚ ਬਤੌਰ ਥਾਣਾ ਮੁਖੀ ਆਪਣੀਆਂ ਜ਼ਿੰਮੇਵਾਰੀਆਂ ਬਖ਼ੂਬੀ ਨਿਭਾ ਰਹੇ ਹਨ। ਉਨ੍ਹਾਂ ਦੀ ਕੜੀ ਮਿਹਨਤ ਨਿਸ਼ਠਾ ਅਤੇ ਵਿਵਸਥਾਂ ਨੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਕੀਤਾ ਹੈ। ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਰਕਾਰ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਇਲਾਕੇ ਦੇ ਥਾਣਾ ਮੁਖੀ ਸੁਮਿਤ ਮੋਰ ਦਾ ਸਨਮਾਨ ਕੀਤਾ ਗਿਆ ਹੈ। ਹਲਕਾ ਵਿਧਾਇਕ ਰੰਧਾਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਹਲਕੇ ਵਿਚ ਹੋਣ ਵਾਲੇ ਹਰ ਸਰਕਾਰੀ ਜਾਂ ਸਮਾਜਿਕ ਪ੍ਰੋਗਰਾਮ ਵਿਚ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਨੂੰ ਉਨ੍ਹਾਂ ਵੱਲੋਂ ਖ਼ੁਦ ਸਨਮਾਨਿਤ ਕੀਤਾ ਜਾਵੇਗਾ, ਤਾਂ ਜੋ ਇਮਾਨਦਾਰ ਅਤੇ ਨਿਸ਼ਠਾਵਾਨ ਅਧਿਕਾਰੀਆਂ ਦਾ ਹੌਸਲਾ ਵਧਾਇਆ ਜਾ ਸਕੇ।