ਮੁਹਾਲੀ ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ ਜੁਝਾਰ ਨਗਰ ਕਤਲ ਕਾਂਡ
ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ ਕਤਲ ਕਾਂਡ; ਮੁੱਖ ਮੁਲਜ਼ਮ ਸਣੇ 4 ਗ੍ਰਿਫ਼ਤਾਰ
Publish Date: Fri, 02 Jan 2026 06:14 PM (IST)
Updated Date: Fri, 02 Jan 2026 06:17 PM (IST)

ਚਾਕੂ ਮਾਰਨ ਵਾਲੇ ਮੁੱਖ ਮੁਲਜ਼ਮ ਸਣੇ 4 ਗ੍ਰਿਫ਼ਤਾਰ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਨਵੇਂ ਸਾਲ ਦੇ ਪਹਿਲੇ ਦਿਨ ਜੁਝਾਰ ਨਗਰ ਵਿਖੇ ਹੋਏ ਮੁਕੇਸ਼ ਬਘੇਲ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਥਾਣਾ ਬਲੌਂਗੀ ਦੇ ਮੁੱਖ ਅਫ਼ਸਰ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਵਾਰਦਾਤ ਵਿਚ ਸ਼ਾਮਲ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਦਈ ਲਾਖਣ ਸਿੰਘ ਬਘੇਲ ਦੇ ਬਿਆਨਾਂ ਅਨੁਸਾਰ, ਪਹਿਲੀ ਜਨਵਰੀ ਦੀ ਦੁਪਹਿਰ ਨੂੰ ਉਸ ਦਾ ਰਿਸ਼ਤੇਦਾਰ ਮੋਹਿਤ ਬਘੇਲ ਗਲੀ ਨੰਬਰ 11 ਵਿਚ ਕੁੱਝ ਵਿਅਕਤੀਆਂ ਨਾਲ ਝਗੜ ਰਿਹਾ ਸੀ। ਜਦੋਂ ਲਾਖਣ ਸਿੰਘ ਆਪਣੇ ਪੁੱਤਰਾਂ ਮੁਕੇਸ਼ ਅਤੇ ਬਿਰਜੇਸ਼ ਨਾਲ ਮੋਹਿਤ ਨੂੰ ਛੁਡਵਾਉਣ ਪਹੁੰਚਿਆ, ਤਾਂ ਮੁਲਜ਼ਮਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਅਰਜੁਨ ਅਤੇ ਚਤੁਰਭੁਜੀ ਨੇ ਮੁਕੇਸ਼ ਨੂੰ ਪਿੱਛੇ ਤੋਂ ਫੜ ਲਿਆ, ਜਦੋਂ ਕਿ ਸ਼ਿਵ ਕੁਮਾਰ ਉਰਫ਼ ਸਿੱਬੂ ਨੇ ਮੁਕੇਸ਼ ਦੇ ਪੇਟ ਵਿਚ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੰਸਪੈਕਟਰ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਣਕਾਰੀ ਦੇ ਆਧਾਰ ਤੇ ਤੁਰੰਤ ਛਾਪੇਮਾਰੀ ਸ਼ੁਰੂ ਕੀਤੀ। ਇਸ ਦੇ ਸਿੱਟੇ ਵਜੋਂ ਚਤੁਰਭੁਜੀ ਉਰਫ਼ ਅਜੈ ਮਿਸ਼ਰਾ ਨੂੰ ਵਾਰਦਾਤ ਵਾਲੇ ਦਿਨ 1 ਜਨਵਰੀ ਨੂੰ ਹੀ ਕਾਬੂ ਕਰ ਲਿਆ ਗਿਆ ਸੀ। 2 ਜਨਵਰੀ ਨੂੰ ਮੁੱਖ ਹਮਲਾਵਰ ਸ਼ਿਵ ਕੁਮਾਰ ਉਰਫ਼ ਸਿੱਬੂ, ਅਰਜੁਨ ਮਿਸ਼ਰਾ ਅਤੇ ਮਨੀਸ਼ ਕੁਮਾਰ ਉਰਫ਼ ਮੁੰਨਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਬਲੌਂਗੀ ਵਿਖੇ ਮੁਕੱਦਮਾ ਨੰ. 03, ਅਧੀਨ ਧਾਰਾ 103, 190, 191(3), 351(3) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਬਰਾਮਦ ਕੀਤਾ ਜਾ ਸਕੇ।