ਚਿੱਟੇ ਸਮੇਤ ਨੌਜਵਾਨ ਗ੍ਰਿਫ਼ਤਾਰ
ਪੁਲਿਸ ਨੇ ਚਿੱਟੇ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
Publish Date: Tue, 10 Feb 2026 08:46 PM (IST)
Updated Date: Wed, 11 Feb 2026 04:15 AM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਜ਼ੀਰਕਪੁਰ ਦੇ ਬਲਟਾਣਾ ਖੇਤਰ ’ਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਇਕ ਨੌਜਵਾਨ ਨੂੰ 4 ਗ੍ਰਾਮ ਨਸ਼ੀਲੇ ਪਦਾਰਥ (ਚਿੱਟੇ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਕਰੀਬ 6:40 ਵਜੇ ਪੁਲਿਸ ਚੌਕੀ ਬਲਟਾਣਾ ਦੀ ਟੀਮ ਵੈਲਵੇਟ ਕਲਾਰਕ ਹੋਟਲ ਦੇ ਪਿਛਲੇ ਪਾਸੇ ਪੈਂਦੇ ਕੱਚੇ ਰਸਤੇ 'ਤੇ ਸ਼ੱਕੀਆਂ ਦੀ ਭਾਲ ਵਿਚ ਨਾਕਾਬੰਦੀ ਕਰ ਰਹੀ ਸੀ। ਇਸੇ ਦੌਰਾਨ ਗੰਦੇ ਨਾਲ਼ੇ ਵਾਲੇ ਪਾਸਿਓਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਦੇ ਹੱਥ ਵਿਚ ਇਕ ਮੋਮੀ ਲਿਫ਼ਾਫ਼ਾ ਸੀ। ਸਾਹਮਣੇ ਪੁਲਿਸ ਟੀਮ ਨੂੰ ਦੇਖ ਕੇ ਨੌਜਵਾਨ ਘਬਰਾ ਗਿਆ ਅਤੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ।
ਸ਼ੱਕ ਹੋਣ 'ਤੇ ਪੁਲਿਸ ਕਰਮਚਾਰੀਆਂ ਨੇ ਤੁਰੰਤ ਮੁਲਜ਼ਮ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਫ਼ਤਿਹ ਸਿੰਘ, ਨਿਵਾਸੀ ਪਿੰਡ ਨਾਭਾ (ਜ਼ੀਰਕਪੁਰ) ਵਜੋਂ ਹੋਈ ਹੈ। ਜਦੋਂ ਉਸ ਦੇ ਹੱਥ ਵਿਚ ਫੜੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਚਿੱਟਾ ਬਰਾਮਦ ਹੋਇਆ। ਲਿਫ਼ਾਫ਼ੇ ਸਮੇਤ ਨਸ਼ੀਲੇ ਪਦਾਰਥ ਦਾ ਕੁੱਲ ਵਜ਼ਨ 4 ਗ੍ਰਾਮ ਪਾਇਆ ਗਿਆ। ਪੁਲਿਸ ਨੇ ਨਸ਼ੀਲਾ ਪਦਾਰਥ ਜ਼ਬਤ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।