ਪੁਲਿਸ ਨੇ ਗਾਂਜੇ ਸਣੇ ਨਸ਼ਾ ਤਸਕਰ ਨੂੰ ਕੀਤਾ ਕਾਬੂ, ਮਾਮਲਾ ਦਰਜ
ਪੁਲਿਸ ਨੇ ਗਾਂਜੇ ਸਣੇ ਨਸ਼ਾ ਤਸਕਰ ਨੂੰ ਕੀਤਾ ਕਾਬੂ, ਮਾਮਲਾ ਦਰਜ
Publish Date: Thu, 15 Jan 2026 08:10 PM (IST)
Updated Date: Thu, 15 Jan 2026 08:12 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਇਲਾਕੇ ਵਿਚ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਡੇਰਾਬੱਸੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ। ਕਾਬੂ ਕੀਤੇ ਗਏ ਮੁਲਜ਼ਮ ਕੋਲੋਂ 902 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਇਕ ਟੀਮ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਬੱਸ ਸਟੈਂਡ ’ਤੇ ਮੌਜੂਦ ਸੀ। ਸ਼ੱਕੀ ਹਾਲਤ ਵਿਚ ਜਾ ਰਹੇ ਇਕ ਵਿਅਕਤੀ ਨੂੰ ਰੋਕਿਆ ਅਤੇ ਜਿਸ ਨੇ ਹੱਥ ਵਿਚ ਇਕ ਮੋਮੀ ਲਿਫ਼ਾਫ਼ਾ ਫੜਿਆ ਹੋਇਆ ਸੀ। ਉਸ ਦੀ ਤਲਾਸ਼ੀ ਲਈ ਗਈ, ਤਾਂ ਉਸ ਦੇ ਕਬਜ਼ੇ ਵਿਚੋਂ 902 ਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਸ਼ੀਲੇ ਪਦਾਰਥ ਨੂੰ ਜ਼ਬਤ ਕਰ ਲਿਆ ਅਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ। ਜਿਸ ਦੀ ਪਛਾਣ ਜੋਨੀ ਪੁੱਤਰ ਰਾਝਾਂ ਸਿੰਘ ਵਾਸੀ ਪਿੰਡ ਮੁਬਾਰਕਪੁਰ ਵਜੋਂ ਹੋਈ ਹੈ। ਪੁਲਿਸ ਨੇ ਉਕਤ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਹੜੇ ਲੋਕਾਂ ਨੂੰ ਸਪਲਾਈ ਕੀਤਾ ਜਾਣਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਵਿਚ ਸ਼ਾਮਲ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾ ਵਿਚ ਹੋਰ ਤੇਜ਼ ਕੀਤੀ ਜਾਵੇਗੀ।