ਮੇਨ ਮਾਰਕੀਟ ’ਚ ਪਾਈਪ ਲਾਈਨ ਟੁੱਟੀ, ਚਿੱਕੜ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਹੋਇਆ ਠੱਪ
ਬਲਟਾਣਾ ਦੀ ਮੇਨ ਮਾਰਕੀਟ 'ਚ ਪਾਈਪ ਲਾਈਨ ਟੁੱਟੀ,
Publish Date: Mon, 30 Mar 2026 09:23 PM (IST)
Updated Date: Mon, 30 Mar 2026 09:27 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਬਲਟਾਣਾ ਦੀ ਮੁੱਖ ਮਾਰਕੀਟ ਵਿਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਲੀਕ ਹੋਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਪਾਈਪਲਾਈਨ ਵਿਚੋਂ ਲਗਾਤਾਰ ਵਹਿ ਰਿਹਾ ਪਾਣੀ ਸੜਕ ’ਤੇ ਜਮ੍ਹਾਂ ਹੋਣ ਕਾਰਨ ਬਾਜ਼ਾਰ ਦੀ ਮੁੱਖ ਸੜਕ ਤਲਾਬ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਵਿਅਸਤ ਬਾਜ਼ਾਰ ਵਿਚ ਪਾਣੀ ਭਰ ਜਾਣ ਕਾਰਨ ਸਥਾਨਕ ਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਵਹਿ ਰਹੇ ਪਾਣੀ ਕਾਰਨ ਸੜਕ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਹੈ ਕਿ ਉੱਥੇ ਡੂੰਘੇ ਟੋਏ ਬਣ ਗਏ ਹਨ ਅਤੇ ਹਰ ਪਾਸੇ ਚਿੱਕੜ ਫੈਲ ਗਿਆ ਹੈ। ਪੈਦਲ ਚੱਲਣ ਵਾਲਿਆਂ ਦੇ ਨਾਲ-ਨਾਲ ਦੁਪਹੀਆ ਵਾਹਨ ਚਾਲਕਾਂ ਲਈ ਇੱਥੋਂ ਲੰਘਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ। ਪਾਣੀ ਕਾਰਨ ਸੜਕ ’ਤੇ ਤਿਲਕਣ ਇੰਨੀ ਵੱਧ ਗਈ ਹੈ ਕਿ ਆਏ ਦਿਨ ਲੋਕ ਡਿੱਗ ਕੇ ਸੱਟਾਂ ਖਾ ਰਹੇ ਹਨ। ਸੜਕ ਦੇ ਕਿਨਾਰਿਆਂ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਵਿਚ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਬਲਟਾਣਾ ਦਾ ਇਹ ਮੁੱਖ ਬਾਜ਼ਾਰ ਖ਼ਰੀਦਦਾਰਾਂ ਨਾਲ ਹਮੇਸ਼ਾ ਗੁਲਜ਼ਾਰ ਰਹਿੰਦਾ ਸੀ, ਪਰ ਹੁਣ ਸੜਕ ’ਤੇ ਫੈਲੀ ਗੰਦਗੀ ਅਤੇ ਚਿੱਕੜ ਕਾਰਨ ਗਾਹਕਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਸਥਾਨਕ ਦੁਕਾਨਦਾਰਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਦੁਕਾਨਾਂ ਦੇ ਬਿਲਕੁਲ ਸਾਹਮਣੇ ਬਦਬੂਦਾਰ ਪਾਣੀ ਅਤੇ ਚਿੱਕੜ ਜਮ੍ਹਾਂ ਹੋਣ ਕਾਰਨ ਉਨ੍ਹਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਜਲਦੀ ਹੀ ਇਸ ਲੀਕੇਜ ਨੂੰ ਠੀਕ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ, ਪਰ ਹਰ ਵਾਰ ਸਿਰਫ਼ ਖੋਖਲੇ ਭਰੋਸੇ ਹੀ ਮਿਲਦੇ ਹਨ। ਇਕ ਪਾਸੇ ਜਿੱਥੇ ਲੱਖਾਂ ਲੀਟਰ ਸਾਫ਼ ਪਾਣੀ ਬਰਬਾਦ ਹੋ ਕੇ ਜਲ ਸੰਕਟ ਨੂੰ ਸੱਦਾ ਦੇ ਰਿਹਾ ਹੈ, ਉੱਥੇ ਹੀ ਖੜ੍ਹੇ ਪਾਣੀ ਕਾਰਨ ਬਿਮਾਰੀਆਂ ਫ਼ੈਲਣ ਦਾ ਡਰ ਵੀ ਬਣਿਆ ਹੋਇਆ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਦਖ਼ਲ ਦੇ ਕੇ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾਵੇ ਅਤੇ ਸੜਕ ਨੂੰ ਸੁਧਾਰਿਆ ਜਾਵੇ। ----- ਕੋਟਸ ਉਹ ਤੁਰੰਤ ਟੀਮ ਭੇਜ ਕੇ ਮੌਕੇ ਦੀ ਜਾਂਚ ਕਰਵਾ ਲੈਂਦੇ ਹਨ। ਇਸ ਤੋਂ ਬਾਅਦ ਠੇਕੇਦਾਰ ਨੂੰ ਲੁੜੀਂਦੀ ਕਾਰਵਾਈ ਅਤੇ ਮੁਰੰਮਤ ਲਈ ਭੇਜਿਆ ਜਾਵੇਗਾ ਤਾਂ ਜੋ ਲੋਕਾਂ ਦੀ ਮੁਸ਼ਕਿਲ ਹੱਲ ਹੋ ਸਕੇ। - ਸਵਨੀਤ ਸਿੰਘ ਜੇਈ ਨਗਰ ਕੌਂਸਲ ਜ਼ੀਰਕਪੁਰ।