ਪੀਜੀਆਈ ਨੇ ਸਰੀਰਕ ਦਰਦ ਦੇ ਇਲਾਜ ਲਈ ਸ਼ੁਰੂ ਕੀਤੀ ਨਵੀਂ ਸਟੀਕ ਤਕਨੀਕ
ਪੀਜੀਆਈ ਨੇ ਸ਼ਰੀਰਕ ਦਰਦ ਦੇ ਇਲਾਜ ਲਈ ਸ਼ੁਰੂ ਕੀਤੀ ਨਵੀਂ ਸਟੀਕ ਤਕਨੀਕ
Publish Date: Mon, 13 Apr 2026 10:15 PM (IST)
Updated Date: Mon, 13 Apr 2026 10:19 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੀਜੀਆਈ ਨੇ ਲੰਮੇ ਸਮੇਂ ਤੋਂ ਪਰੇਸ਼ਾਨ ਕਰ ਰਹੇ ਸਰੀਰਕ ਦਰਦ ਦੇ ਇਲਾਜ ਲਈ ਇਕ ਨਵੀਂ ਅਤੇ ਖ਼ਾਸ ਤਕਨੀਕ ਸ਼ੁਰੂ ਕੀਤੀ ਹੈ। ਇਸ ਤਕਨੀਕ ਨਾਲ ਹੁਣ ਡਾਕਟਰ ਸਿੱਧੇ ਉਸ ਥਾਂ ਦਾ ਪਤਾ ਲਾ ਸਕਦੇ ਹਨ, ਜਿੱਥੋਂ ਦਰਦ ਹੋ ਰਿਹਾ ਹੈ ਅਤੇ ਉੱਥੇ ਹੀ ਇਲਾਜ ਕਰ ਸਕਦੇ ਹਨ। ਇਹ ਤਕਨੀਕ ਫਲੋਰੀਨ-18 ਸੋਡੀਅਮ ਫਲੋਰਾਈਡ ਆਧਾਰਤ ਵਿਸ਼ੇਸ਼ ਸਕੈਨਿੰਗ ਅਤੇ ਮਾਰਗਦਰਸ਼ਿਤ ਸਟੇਰਾਇਡ ਇੰਜੈਕਸ਼ਨ ’ਤੇ ਆਧਾਰਤ ਹੈ, ਜਿਸ ਨੂੰ ਦੁਨੀਆ ਵਿਚ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ। ਸੰਸਥਾ ਦੇ ਨਿਰਦੇਸ਼ਕ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਇਹ ਇਕ ਵੱਡੀ ਉਪਲਬੱਧੀ ਹੈ ਅਤੇ ਇਸ ਨਾਲ ਮਰੀਜ਼ਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਵਿਧੀ ਨਾਲ ਇਲਾਜ ਹੋਰ ਸਟੀਕ ਹੋਵੇਗਾ, ਖਰਚ ਘੱਟ ਆਵੇਗਾ ਅਤੇ ਮਰੀਜ਼ਾਂ ਨੂੰ ਜਲਦੀ ਰਾਹਤ ਮਿਲੇਗੀ। ਡਾਕਟਰਾਂ ਅਨੁਸਾਰ ਪਹਿਲਾਂ ਦਰਦ ਦੀ ਅਸਲ ਥਾਂ ਦਾ ਪਤਾ ਲਾਉਣਾ ਮੁਸ਼ਕਿਲ ਹੁੰਦਾ ਸੀ, ਜਿਸ ਕਾਰਨ ਇਲਾਜ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਹੁੰਦਾ ਸੀ ਪਰ ਹੁਣ ਇਸ ਨਵੀਂ ਤਕਨੀਕ ਨਾਲ ਦਰਦ ਦੀ ਸਹੀ ਥਾਂ ਦੀ ਪਛਾਣ ਕਰਕੇ ਓਥੇ ਹੀ ਇੰਜੈਕਸ਼ਨ ਦੇ ਕੇ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਇਸ ਨਵੇਂ ਇਲਾਜ ਨਾਲ ਲਗਭਗ 84 ਫ਼ੀਸਦੀ ਮਰੀਜ਼ਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਕਾਫ਼ੀ ਰਾਹਤ ਮਿਲੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਇਲਾਜ ਸੁਰੱਖਿਅਤ ਹੈ ਅਤੇ ਕੋਈ ਵੱਡੀ ਸਮੱਸਿਆ ਸਾਹਮਣੇ ਨਹੀਂ ਆਈ। ਇਹ ਜਾਣਕਾਰੀ ਸੰਸਥਾ ਦੇ ਪਰਮਾਣੂ ਚਿਕਿਤਸਾ ਵਿਭਾਗ ਅਤੇ ਅਸਥਿ ਰੋਗ ਵਿਭਾਗ ਵੱਲੋਂ ਆਯੋਜਿਤ ਪ੍ਰੈੱਸ ਕਾਨਫ਼ਰੰਸ ਵਿਚ ਦਿੱਤੀ ਗਈ। ਪਰਮਾਣੂ ਚਿਕਿਤਸਾ ਵਿਭਾਗ ਦੇ ਮੁਖੀ ਡਾ. ਅਨੀਸ਼ ਭੱਟਾਚਾਰਿਆ ਨੇ ਦੱਸਿਆ ਕਿ ਇਹ ਤਕਨੀਕ ਸਰੀਰ ਵਿਚ ਦਰਦ ਦੇ ਅਸਲੀ ਸਰੋਤ ਦੀ ਸਟੀਕ ਪਛਾਣ ਕਰਦੀ ਹੈ, ਜਿਸ ਨਾਲ ਇਲਾਜ ਸਿੱਧੇ ਪ੍ਰਭਾਵਿਤ ਥਾਂ ’ਤੇ ਕੀਤਾ ਜਾ ਸਕਦਾ ਹੈ ਅਤੇ ਬਿਹਤਰ ਨਤੀਜੇ ਮਿਲਦੇ ਹਨ। ਇਸ ਉਪਲਬੱਧੀ ਵਿਚ ਬਹੁ-ਮਾਹਰ ਟੀਮ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਵਿਚ ਡਾ. ਸਰਵਦੀਪ ਸਿੰਘ ਧੱਤ, ਡਾ. ਬਬੀਤਾ ਘਈ, ਡਾ. ਰਾਜੇਂਦਰ ਕੁਮਾਰ, ਡਾ. ਵਿਸ਼ਾਲ ਕੁਮਾਰ, ਡਾ. ਹਰਮਨਦੀਪ ਸਿੰਘ ਅਤੇ ਡਾ. ਰਜ਼ਾ ਅੱਬਾਸ ਮਹਦੀ ਸ਼ਾਮਲ ਹਨ। ਪੂਰੇ ਇਲਾਜ ਦਾ ਖਰਚ ਲਗਭਗ ਇੱਕ ਹਜ਼ਾਰ ਰੁਪਏ : ਖਰਚ ਦੀ ਗੱਲ ਕਰੀਏ ਤਾਂ ਇਹ ਇਲਾਜ ਆਮ ਲੋਕਾਂ ਦੀ ਪਹੁੰਚ ਵਿੱਚ ਹੈ। ਪੂਰੇ ਇਲਾਜ ‘ਤੇ ਲਗਭਗ 1000 ਰੁਪਏ ਖਰਚ ਆਉਂਦਾ ਹੈ, ਜਦਕਿ ਜ਼ਰੂਰੀ ਸਮੱਗਰੀ ‘ਤੇ ਕਰੀਬ 500 ਰੁਪਏ ਲੱਗਦੇ ਹਨ। ਮਰੀਜ਼ਾਂ ਨੂੰ 1 ਤੋਂ 2 ਹਫ਼ਤਿਆਂ ਵਿੱਚ ਇਲਾਜ ਲਈ ਸਮਾਂ ਵੀ ਮਿਲ ਰਿਹਾ ਹੈ। ਇਹ ਨਵੀਂ ਤਕਨੀਕ ਉਹਨਾਂ ਲੋਕਾਂ ਲਈ ਵੱਡੀ ਰਾਹਤ ਹੈ ਜੋ ਲੰਮੇ ਸਮੇਂ ਤੋਂ ਪਿੱਠ , ਜੋੜਾਂ ਜਾਂਅੱਡੀ ਦੇ ਦਰਦ ਨਾਲ ਪਰੇਸ਼ਾਨ ਹਨ ਅਤੇ ਪਹਿਲਾਂ ਦੇ ਇਲਾਜ ਨਾਲ ਉਨ੍ਹਾਂ ਨੂੰ ਫਾਇਦਾ ਨਹੀਂ ਮਿਲਿਆ। ਬਿਮਾਰੀਆਂ ਦਾ ਬਿਹਤਰ ਇਲਾਜ ਸੰਭਵ : ਅਸਥਿ ਰੋਗ ਵਿਭਾਗ ਦੇ ਪ੍ਰੋ. ਡਾ. ਸਰਵਦੀਪ ਸਿੰਘ ਧੱਤ ਨੇ ਕਿਹਾ ਕਿ ਇਹ ਵਿਧੀ ਦਰਦ ਦੇ ਅਸਲ ਕਾਰਨ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ, ਜੋ ਲੰਮੇ ਸਮੇਂ ਤੋਂ ਇੱਕ ਵੱਡੀ ਚੁਣੌਤੀ ਰਹੀ ਹੈ। ਇਸ ਨਾਲ ਰੀੜ੍ਹ ਦੀ ਹੱਡੀ, ਜੋੜਾਂ ਅਤੇ ਅੱਡੀ ਨਾਲ ਸੰਬੰਧਿਤ ਕਈ ਜਟਿਲ ਬਿਮਾਰੀਆਂ ਦਾ ਬਿਹਤਰ ਇਲਾਜ ਸੰਭਵ ਹੋਵੇਗਾ। ਡਾ. ਵਿਸ਼ਾਲ ਕੁਮਾਰ ਨੇ ਦੱਸਿਆ ਕਿ ਇਸ ਤਕਨੀਕ ਦਾ ਵਿਚਾਰ ਡਾਕਟਰਾਂ ਦੇ ਆਤਮ-ਮੰਥਨ ਤੋਂ ਜੰਮਿਆ, ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪਰੰਪਰਾਗਤ ਤਰੀਕਿਆਂ ਨਾਲ ਮਰੀਜ਼ਾਂ ਨੂੰ ਉਮੀਦ ਮੁਤਾਬਕ ਰਾਹਤ ਨਹੀਂ ਮਿਲ ਰਹੀ ਸੀ। ਡਾ. ਰਾਜੇਂਦਰ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰਕਿਰਿਆ ਵਿੱਚ ਪਹਿਲਾਂ ਵਿਸ਼ੇਸ਼ ਸਕੈਨ ਰਾਹੀਂ ਦਰਦ ਵਾਲੀ ਸਰਗਰਮ ਥਾਂ ਦੀ ਪਛਾਣ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਉਸੇ ਥਾਂ ’ਤੇ ਬਹੁਤ ਹੀ ਸਟੀਕ ਢੰਗ ਨਾਲ ਸਟੇਰਾਇਡ ਇੰਜੈਕਸ਼ਨ ਦਿੱਤਾ ਜਾਂਦਾ ਹੈ।