ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਦਾ ਜਿਉਣਾ ਮੁਹਾਲ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਦਾ ਜਿਉਣਾ ਮੁਹਾਲ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
Publish Date: Fri, 16 Jan 2026 06:42 PM (IST)
Updated Date: Fri, 16 Jan 2026 06:45 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇਥੋਂ ਦੇ ਕਸਬਾ ਮੁਬਾਰਕਪੁਰ ਦੇ ਮੁੱਖ ਬਾਜ਼ਾਰ ਤੇ ਰਿਹਾਇਸ਼ੀ ਖੇਤਰਾਂ ’ਚ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੇ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬਾਜ਼ਾਰ ਵਿਚ ਕੁੱਤਿਆਂ ਦੀ ਭਰਮਾਰ ਕਾਰਨ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਦੁਬਰ ਹੋ ਗਿਆ ਹੈ। ਸਥਾਨਕ ਲੋਕਾਂ ਅਨੁਸਾਰ, ਬਾਜ਼ਾਰ ਦੀਆਂ ਗਲੀਆਂ ਵਿਚ ਟੋਲੀਆਂ ਬਣਾ ਕੇ ਘੁੰਮਦੇ ਇਹ ਆਵਾਰਾ ਕੁੱਤੇ ਅਕਸਰ ਰਾਹਗੀਰਾਂ ਤੇ ਹਮਲਾ ਕਰ ਦਿੰਦੇ ਹਨ। ਖ਼ਾਸ ਕਰ ਕੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਰਾਤ ਵੇਲੇ ਕੰਮ ਤੋਂ ਪਰਤਣ ਵਾਲੇ ਲੋਕਾਂ ਲਈ ਇਹ ਵੱਡਾ ਖ਼ਤਰਾ ਬਣੇ ਹੋਏ ਹਨ। ਕਈ ਵਾਰ ਇਹ ਕੁੱਤੇ ਦੁਪਹੀਆ ਵਾਹਨਾਂ ਦੇ ਪਿੱਛੇ ਪੈ ਜਾਂਦੇ ਹਨ, ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਗੰਭੀਰ ਸਮੱਸਿਆ ਬਾਰੇ ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਪ੍ਰਸ਼ਾਸਨ ਦੀ ਇਸ ਚੁੱਪ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਬਾਜ਼ਾਰ ਵਿਚ ਕੁੱਤਿਆਂ ਦਾ ਇੰਨਾ ਡਰ ਹੈ ਕਿ ਉਹ ਬੱਚਿਆਂ ਨੂੰ ਇਕੱਲੇ ਬਾਹਰ ਭੇਜਣ ਤੋਂ ਡਰਦੇ ਹਨ। ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਫੜ ਕੇ ਸੁਰੱਖਿਅਤ ਥਾਵਾਂ ਜਾਂ ਐਨੀਮਲ ਸ਼ੈੱਲਟਰਾਂ ਵਿਚ ਭੇਜਿਆ ਜਾਵੇ। ਕੁੱਤਿਆਂ ਦੀ ਨਸਬੰਦੀ ਦੀ ਮੁਹਿੰਮ ਤੇਜ਼ ਕੀਤੀ ਜਾਵੇ। ਬਾਜ਼ਾਰਾਂ ਵਿਚ ਸਫ਼ਾਈ ਦਾ ਪ੍ਰਬੰਧ ਸੁਧਾਰਿਆ ਜਾਵੇ ਤਾਂ ਜੋ ਕੂੜੇ ਦੇ ਢੇਰਾਂ ਤੇ ਕੁੱਤੇ ਇਕੱਠੇ ਨਾ ਹੋਣ। ਮੁਬਾਰਕਪੁਰ ਦੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਉਣ-ਜਾਣ ਸਕਣ।