ਧਰਮਸ਼ਾਲਾ ਨੇੜੇ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਲੋਕ
ਧਰਮਸ਼ਾਲਾ ਨੇੜੇ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਲੋਕ; ਪ੍ਰਸ਼ਾਸਨ ਨੇ ਸਾਧੀ ਚੁੱਪ
Publish Date: Tue, 14 Apr 2026 06:28 PM (IST)
Updated Date: Wed, 15 Apr 2026 04:10 AM (IST)

ਪ੍ਰਸ਼ਾਸਨ ਨੇ ਸਾਧੀ ਚੁੱਪ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਜਾਮਾ ਮਸਜਿਦ ਅਤੇ ਖਟਿਕ ਧਰਮਸ਼ਾਲਾ ਦੇ ਨੇੜਲੇ ਇਲਾਕੇ ਵਿਚ ਪਿਛਲੇ ਦੋ ਮਹੀਨਿਆਂ ਤੋਂ ਸੀਵਰੇਜ ਦੇ ਨਾਲ਼ੇ ਦਾ ਗੰਦਾ ਪਾਣੀ ਓਵਰਫਲੋ ਹੋਣ ਕਾਰਨ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਗੰਦਗੀ ਅਤੇ ਬਦਬੂ ਕਾਰਨ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ, ਪਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ। ਬਾਕਸ-- ਗੰਦਗੀ ਦਾ ਆਲਮ ਤੇ ਬਿਮਾਰੀਆਂ ਦਾ ਡਰ : ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਅਨੁਸਾਰ ਨਾਲ਼ੇ ਦਾ ਪਾਣੀ ਸੜਕਾਂ ਤੇ ਜਮ੍ਹਾਂ ਹੋਣ ਕਾਰਨ ਇਲਾਕੇ ਵਿਚ ਹਰ ਵੇਲੇ ਭਿਆਨਕ ਬਦਬੂ ਫੈਲੀ ਰਹਿੰਦੀ ਹੈ। ਇਸ ਗੰਦਗੀ ਕਾਰਨ ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੈਜ਼ਾ ਵਰਗੀਆਂ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਬਾਕਸ-- ਦੁਕਾਨਦਾਰਾਂ ਦੇ ਕੰਮਕਾਜ ਤੇ ਪੈ ਰਿਹਾ ਮਾੜਾ ਅਸਰ : ਖਟਿਕ ਧਰਮਸ਼ਾਲਾ ਅਤੇ ਜਾਮਾ ਮਸਜਿਦ ਦੇ ਨੇੜੇ ਸਥਿਤ ਦੁਕਾਨਦਾਰਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੜਕ ਤੇ ਖੜ੍ਹੇ ਗੰਦੇ ਪਾਣੀ ਕਾਰਨ ਗਾਹਕਾਂ ਦਾ ਦੁਕਾਨਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਦੁਕਾਨਾਂ ਦੇ ਅੰਦਰ ਤੱਕ ਬਦਬੂ ਆਉਂਦੀ ਹੈ, ਜਿਸ ਕਾਰਨ ਉੱਥੇ ਬੈਠਣਾ ਵੀ ਮੁਸ਼ਕਲ ਹੈ। ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬਾਕਸ-- ਪ੍ਰਸ਼ਾਸਨ ਦੀ ਅਣਦੇਖੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਹੈ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਖੋਖਲੇ ਭਰੋਸੇ ਹੀ ਮਿਲੇ ਹਨ। ਅਧਿਕਾਰੀਆਂ ਦੀ ਇਸ ਲਾਪਰਵਾਹੀ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਜਲਦੀ ਹੀ ਇਸ ਨਾਲ਼ੇ ਦੀ ਸਫ਼ਾਈ ਨਾ ਕਰਵਾਈ ਗਈ ਅਤੇ ਗੰਦਗੀ ਦਾ ਹੱਲ ਨਾ ਕੀਤਾ ਗਿਆ, ਤਾਂ ਉਹ ਸੜਕਾਂ ਤੇ ਉਤਰ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋ ਜਾਣਗੇ। ਇਲਾਕਾ ਨਿਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਨਾਲ਼ੇ ਦੀ ਮੁਰੰਮਤ ਅਤੇ ਸਫ਼ਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਮੁਸੀਬਤ ਤੋਂ ਨਿਜਾਤ ਮਿਲ ਸਕੇ।