ਮਹੀਨੇ ’ਚ ਦੋ ਵਾਰ ਰੇਲਵੇ ਫਾਟਕ ਬੰਦ ਹੋਣ ਕਾਰਨ ਲੋਕ ਪਰੇਸ਼ਾਨ
ਮਹੀਨੇ 'ਚ ਦੋ ਵਾਰ ਰੇਲਵੇ ਫਾਟਕ ਬੰਦ ਹੋਣ ਕਾਰਨ ਲੋਕ ਪਰੇਸ਼ਾਨ
Publish Date: Mon, 16 Mar 2026 06:35 PM (IST)
Updated Date: Mon, 16 Mar 2026 06:37 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਲੈਹਲੀ-ਬਨੂੜ ਸੰਪਰਕ ਸੜਕ ਦੀ ਆਵਾਜਾਈ ਲੈਹਲੀ ਰੇਲਵੇ ਫਾਟਕ ਬੰਦ ਹੋਣ ਕਾਰਨ ਬਿਲਕੁਲ ਬੰਦ ਹੋ ਗਈ ਹੈ, ਜਿਸ ਕਾਰਨ ਲਾਲੜੂ ਤੋਂ ਬਨੂੜ ਜਾਣ ਲਈ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੈਹਲੀ, ਹਸਨਪੁਰ ਤੇ ਜਲਾਲਪੁਰ ਵਾਸੀ ਮਨਜੀਤ ਸਿੰਘ, ਰਾਮ ਸਿੰਘ, ਸਵਰਨ ਸਿੰਘ, ਹਰਨੇਕ ਸਿੰਘ, ਬਲਕਾਰ ਸਿੰਘ, ਕਪਤਾਨ ਸਿੰਘ ਤੇ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵੱਲੋਂ ਲੈਹਲੀ ਰੇਲਵੇ ਫਾਟਕ ’ਤੇ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੰਘੀ 18 ਮਾਰਚ ਤੱਕ ਲੈਹਲੀ ਰੇਲਵੇ ਫਾਟਕ ਨੂੰ ਬੰਦ ਕਰ ਦਿੱਤਾ ਹੈ, ਜਦਕਿ ਲੰਘੇ ਦਿਨ ਭਾਰਤਮਾਲਾ ਪ੍ਰਾਜੈਕਟ ਤਹਿਤ ਲੈਹਲੀ ਵਿਖੇ ਬਣ ਰਹੇ ਪੁਲ਼ ਦੇ ਕਾਰਨ ਵੀ ਰੇਲਵੇ ਵਿਭਾਗ ਨੇ ਰੇਲਵੇ ਫਾਟਕ ਬੰਦ ਰੱਖਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਫਾਟਕ ਬੰਦ ਰੱਖਿਆ ਗਿਆ ਸੀ ਤਾਂ ਫਾਟਕ ਦੀ ਰਿਪੇਅਰ ਦਾ ਕੰਮ ਉਸ ਵੇਲੇ ਵੀ ਹੋ ਸਕਦਾ ਸੀ, ਜਿਸ ਦਾ ਖ਼ਮਿਆਜ਼ਾ ਅੱਜ ਰਾਹਗੀਰਾਂ ਨੂੰ ਨਾ ਭੁਗਤਣਾ ਪੈਂਦਾ। ਲੈਹਲੀ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਲਾਲੜੂ ਵਿਖੇ ਸਥਿਤ ਸਕੂਲਾਂ ਵਿਚ ਪੜ੍ਹਦੇ ਹਨ ਅਤੇ ਰੇਲਵੇ ਫਾਟਕ ਬੰਦ ਹੋਣ ਕਾਰਨ ਬੱਸਾਂ ਫਾਟਕ ਪਾਰ ਪਿੰਡ ਵਿਚ ਨਹੀਂ ਆ ਰਹੀਆਂ ਹਨ। ਉਨ੍ਹਾਂ ਨੂੰ ਰੋਜ਼ਾਨਾ ਖ਼ੁਦ ਸਕੂਲ ਵਿਚ ਆਪਣੇ ਬੱਚਿਆਂ ਨੂੰ ਛੱਡ ਕੇ ਅਤੇ ਲੈ ਕੇ ਆਉਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰ-ਵਾਰ ਰੇਲਵੇ ਫਾਟਕ ਬੰਦ ਕਰਨਾ ਜਿੱਥੇ ਪਿੰਡਾਂ ਦੇ ਲੋਕਾਂ ਦਾ ਲਾਲੜੂ ਅਤੇ ਡੇਰਾਬੱਸੀ ਨਾਲ ਲਿੰਕ ਟੁੱਟ ਜਾਂਦਾ ਹੈ, ਉੱਥੇ ਹੀ ਨਾਹਰ ਕੰਪਨੀ ਵਿਚ ਡਿਊਟੀ ਕਰਨ ਲਈ ਆਉਣ ਵਾਲੇ ਕਰਮੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲਾਲੜੂ ਤੋਂ ਬਨੂੜ ਜਾਣਾ ਹੋਵੇ ਤਾਂ ਉਨ੍ਹਾਂ ਨੂੰ ਵਾਇਆ ਜ਼ੀਰਕਪੁਰ ਹੋ ਕੇ ਬਨੂੜ ਜਾਣਾ ਪੈ ਰਿਹਾ ਹੈ, ਜਿਸ ਨਾਲ ਜਿੱਥੇ ਖਰਚ ਵੱਧ ਆਉਂਦਾ ਹੈ, ਉੱਥੇ ਹੀ ਸਮਾਂ ਵੀ ਵੱਧ ਲਗਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦੀ ਰਿਪੇਅਰ ਦਾ ਕੰਮ ਸਮਾਪਤ ਕਰ ਕੇ ਫਾਟਕ ਨੂੰ ਖੋਲ੍ਹਿਆ ਜਾਵੇ।